ਸਮਲਿੰਗੀ ਜੀਵਨ: ਕੱਚ, ਸੱਚ ਅਤੇ ਹੋਣੀ

(ਪਹਿਲੇ ਪੰਜਾਬੀ ਸਮਲਿੰਗੀ ਲੇਖਕ ਇਫ਼ਤਿਖ਼ਾਰ ਨਸੀਮ ਦੇ ਹਵਾਲੇ ਨਾਲ)

To download in PDF Click Here
ਸਮਲਿੰਗੀ ਕੌਣ ਹੈ?
ਮੋਟੇ ਤੌਰ ’ਤੇ ਗੇਅ ਜਾਂ ਸਮਲਿੰਗੀ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਦੂਸਰੇ ਜੈਂਡਰ ਨਾਲ ਨਹੀਂ ਆਪਣੇ ਹੀ ਜੈਂਡਰ ਦੇ ਸਾਥੀ ਨਾਲ ਜਿਨਸੀ ਸੰਬੰਧ ਬਣਾਉਂਦੇ ਹਨ। ਉਨ੍ਹਾਂ ਦੇ ਅੰਦਰ ਵਿਪਰੀਤ ਲਿੰਗ ਪ੍ਰਤੀ ਕੋਈ ਜਿਨਸੀ ਖਿੱਚ ਹੁੰਦੀ ਹੀ ਨਹੀਂ। ਸਮਾਜ ਵਿਚ ਆਮ ਤੌਰ ਤੇ ਇਸ ਨੂੰ ਨਾਮਰਦ, ਗ਼ੈਰ-ਕੁਦਰਤੀ, ਅਧਰਮੀ ਅਤੇ ਗਲੀਜ਼ ਪ੍ਰਵਿਰਤੀ ਦੇ ਤੌਰ ਭੰਡਿਆਂ ਜਾਂਦਾ ਹੈ, ਜਿਸਦਾ ਵੱਡਾ ਕਾਰਨ ਇਸ ਬਾਰੇ ਆਮ ਲੋਕਾਂ ਵਿਚ ਸਮਲਿੰਗੀ ਰਿਸ਼ਤਿਆਂ ਬਾਰੇ ਵਿਗਿਆਨਿਕ ਦ੍ਰਿਸ਼ਟੀ ਦੀ ਘਾਟ ਹੈ। ਉਸਦਾ ਇਕ ਹੋਰ ਕਾਰਨ ਇਹ ਵੀ ਹੈ ਕਿ ਮੁੱਢਲੇ ਦੌਰ ਵਿਚ ਇਸ ਬਾਰੇ ਜਿਹੜੀ ਖੋਜ ਹੋਈ ਉਸ ਵਿਚ ਵੀ ਇਸ ਨੂੰ ਡੇਵਿਏਸ਼ਨ ਯਾਨਿ ਭਟਕਣ ਜਾਂ ਵਿਚਲਣ ਦੇ ਤੌਰ ਤੇ ਦੇਖਿਆ ਗਿਆ।

ਮਨੋਵਿਗਿਆਨ ਦੇ ਪਿਤਾਮਾ ਕਹੇ ਜਾਂਦੇ ਸਿਗਮੰਡ ਫਰਾਇਡ ਆਪਣੀ ਕਿਤਾਬ ‘ਔਨ ਸੈਕਸੂਐਲਟੀ’ ਵਿਚ ਲਿਖਦੇ ਹਨ ਕਿ ਜਿਵੇਂ ਪੌਸ਼ਟਿਕਤਾ ਦੀ ਲੋੜ ਨੂੰ ਭੁੱਖ ਰਾਹੀਂ ਦਰਸਾਇਆ ਜਾਂਦਾ ਹੈ ਉਸੇ ਤਰ੍ਹਾਂ ਜਿਨਸੀ ਲੋੜ ਨੂੰ ਲਿਬੀਡੋ ਕਿਹਾ ਜਾਂਦਾ ਹੈ। ਫ੍ਰਾਈਡ ਕਹਿੰਦਾ ਹੈ, “ਪ੍ਰਚੱਲਿਤ ਧਾਰਨਾ ਹੈ ਤਾਂ ਇਹ ਹੈ ਕਿ ਪੁਰਸ਼ ਅੰਦਰ ਔਰਤ ਪ੍ਰਤੀ ਅਤੇ ਔਰਤ ਅੰਦਰ ਪੁਰਸ਼ ਪ੍ਰਤੀ ਜਿਨਸੀ ਖਿੱਚ ਹੁੰਦੀ ਹੈ, ਲੇਕਿਨ ਇਹ ਪੂਰੀ ਤਸਵੀਰ ਨਹੀਂ ਹੈ।” ਇੱਥੇ ਹੀ ਫ੍ਰਾਇਡ ਜਿਨਸੀ ਵਿਚਲਣ (ਸੈਕਸੁਅਲ ਡੀਵਿਏਇਸ਼ਨ) ਦਾ ਸੰਕਲਪ ਦਿੰਦਾ ਹੈ। ਜਿਸਨੂੰ ਉਹ ਦੋ ਭਾਗਾਂ ਵਿਚ ਵੰਡਦਾ ਹੈ। ਜਿਨਸੀ ਪਾਤਰ ਦੇ ਮਾਮਲੇ ਵਿਚ ਵਿਚਲਣ (ਡੀਵਿਏਇਸ਼ਨ ਇਨ ਰਿਸਪੈਕਟ ਔਫ਼ ਦ ਸੈਕਸੁਅਲ ਔਬਜੈਕਟ) ਅਤੇ  ਜਿਨਸੀ ਮਨੋਰਥ ਦੇ ਮਾਮਲੇ ਵਿਚ ਵਿਚਲਣ (ਡੀਵਿਏਇਸ਼ਨ ਇਨ ਰਿਸਪੈਕਟ ਔਫ਼ ਦ ਸੈਕਸੁਅਲ ਏਮ)।

ਸਮਲਿੰਗੀ ਪ੍ਰਵਿਰਤੀ ਪਾਤਰ ਵਾਲੇ ਵਿਚਲਣ ਨਾਲ ਸੰਬੰਧਿਤ ਵਿਸ਼ਾ ਹੈ। ਇਸ ਬਾਰੇ ਫਰਾਇਡ ਕਹਿੰਦਾ ਹੈ ਕਿ ਅਜਿਹੇ ਪੁਰਸ਼ ਵੀ ਹਨ ਜਿਨ੍ਹਾਂ ਅੰਦਰ ਜਿਨਸੀ ਖਿੱਚ ਦੀ ਭਾਵਨਾ ਔਰਤ ਪ੍ਰਤੀ ਨਹੀਂ ਬਲਕਿ ਪੁਰਸ਼ ਪ੍ਰਤੀ ਹੁੰਦੀ ਹੈ ਅਤੇ ਅਜਿਹਾ ਔਰਤਾਂ ਵੀ ਹਨ ਜਿਨ੍ਹਾਂ ਅੰਦਰ ਜਿਨਸੀ ਖਿੱਚ ਦੀ ਭਾਵਨਾ ਮਰਦ ਪ੍ਰਤੀ ਨਹੀਂ ਔਰਤ ਪ੍ਰਤੀ ਹੁੰਦੀ ਹੈ। ਫਰਾਇਡ ਇਸ ਭਾਵਨਾ ਵਾਲੇ ਵਿਅਕਤੀਆਂ ਨੂੰ ਵਿਪਰੀਤ ਜਿਨਸੀ ਭਾਵਨਾਵਾਂ (ਕੌਂਟਰੈਰੀ ਸੈਕਸੁਅਲ ਫੀਲੀਂਗ) ਵਾਲੇ ਜਾਂ ਪੁੱਠੇ ਜਾਂ ਉਲਟੇ (ਇਨਵਰਟਸ) ਵਿਅਕਤੀ ਕਹਿੰਦਾ ਹੈ।

ਜਦਕਿ 2010 ਵਿਚ ਛਪੀ ਅਮਰੀਕਨ ਮਨੋਵਿਗਿਆਨ ਅਸੋਸਿਏਸ਼ਨ ਦੀ ਇਕ ਰਿਪੋਰਟ ਕਹਿੰਦੀ ਹੈ, “ਕੋਈ ਵਿਅਕਤੀ ਹਮਜਿਨਸੀ ਕਿਉਂ ਹੁੰਦਾ ਹੈ ਇਸ ਬਾਰੇ ਕੋਈ ਪੱਕਾ ਕਾਰਨ ਸਥਾਪਤ ਨਹੀਂ ਹੋ ਸਕਿਆ ਹੈ-ਇੱਥੋਂ ਤੱਕ ਕਿ ਅਸੀਂ ਹਾਲੇ ਤੱਕ ਇਹ ਵੀ ਨਹੀਂ ਸਮਝ ਸਕੇ ਹਾਂ ਕਿ ਕੋਈ ਵਿਪਰੀਤ-ਜਿਨਸੀ (ਹੇਟਰੋਸੈਕਸੁਅਲ) ਕਿਉਂ ਹਨ। ਅਮਰੀਕਨ ਸਾਈਕੌਲਜੀਕਲ ਐਸੋਸੀਏਸ਼ਨ ਦਾ ਮੰਨਣਾ ਹੈ, “ਕਾਮ ਤਰਜੀਹ ਵਿਚ ਵਿਅਕਤੀ ਦੀ ਆਪਣੀ ਮਰਜ਼ੀ ਨਹੀਂ ਹੁੰਦੀ ਅਤੇ ਨਾ ਹੀ ਇਸ ਨੂੰ ਇੱਛਾ ਅਨੁਸਾਰ ਬਦਲਿਆ ਜਾ ਸਕਦਾ ਹੈ। ਕਾਮ ਤਰਜੀਹ ਵਾਤਾਵਰਣ, ਬੌਧਿਕ ਅਤੇ ਬਾਇਲੌਜਿਕਲ ਕਾਰਨ ਦੇ ਗੁੰਝਲਦਾਰ ਸੰਚਾਰ ਕਰਕੇ ਹੁੰਦਾ ਹੈ ਅਤੇ ਇਹ ਛੋਟੀ ਉਮਰ ਵਿਚ ਹੀ ਆਕਾਰ ਲੈ ਲੈਂਦਾ ਹੈ, ਇਸ ਵਿਚ ਬਾਇਲੌਜਿਕਲ, ਜੈਨੇਟਿਕ ਅਤੇ ਜਮਾਂਦਰੂ ਹਾਰਮੋਨਲ ਕਾਰਨ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ।”

ਰਾਇਲ ਕਾਲਜ ਔਫ਼ ਸਾਇਕੈਟਰਿਸਟਸ ਦੀ ਇਕ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ, “ਪਾਲਣ-ਪੋਸ਼ਣ ਅਤੇ ਛੋਟੀ ਉਮਰ ਦੀਆਂ ਘਟਨਾਵਾਂ ਦੀ ਇਸ ਵਿਚ ਭੂਮਿਕਾ ਹੋਣ ਦੇ ਕੋਈ ਪ੍ਰਮਾਣ ਨਹੀਂ ਮਿਲਦਾ।” ਅਮਰੀਕਨ ਸਾਈਕੌਲਜੀਕਲ ਐਸੋਸੀਏਸ਼ਨ ਦੀ (2013) ਵਿਗਿਆਨਕ ਖੋਜ ਸਾਫ਼ ਤੌਰ ਤੇ ਕਹਿੰਦੀ ਹੈ, “ਹਮਜਿਨਸੀ ਪ੍ਰਵਿਰਤੀ ਮਨੁੱਖੀ ਕਾਮ ਤਰਜੀਹਾਂ ਦਾ ਬਿਲਕੁਲ ਸੁਭਾਵਿਕ ਅਤੇ ਕੁਦਰਤੀ ਵਿਕਲਪ ਜਾਂ ਰੂਪ ਹੈ ਅਤੇ ਇਸ ਦਾ ਕੋਈ ਵੀ ਨਕਾਰਾਤਮਕ ਮਨੋਵਿਗਿਆਨਕ ਪ੍ਰਭਾਵ ਨਹੀਂ ਹੈ।” ਯਾਨਿ ਆਧੁਨਿਕ ਖੋਜਾਂ ਸਾਫ਼ ਤੌਰ ਤੇ ਇਸ ਨੂੰ ਵਿਚਲਣ ਨਹੀਂ ਵਿਕਲਪ ਮੰਨਦੀਆਂ ਹਨ। ਭਾਵ ਸਮਲਿੰਗੀ ਲਿਬੀਡੋ ਤੋਂ ਸਮਲਿੰਗੀ ਹੁੰਦਾ ਹੈ। ਇਹ ਕੋਈ ਵਿਕ੍ਰਤੀ ਜਾਂ ਊਣਤਾਈ ਜਾਂ ਡਿਸਔਡਰ ਨਹੀਂ ਹੁੰਦਾ ਬਲਕਿ ਉਸਦੀ ਜੈਨੇਟਿਕ ਡਿਵੈਲਪਮੈਂਟ ਹੀ ਮੂਲ ਵਿਚ ਸਮਲਿੰਗੀ ਦੇ ਤੌਰ ’ਤੇ ਹੋਈ ਹੁੰਦੀ ਹੈ।

ਇਫ਼ਤੀ ਆਪਣੀ ਤਿੰਨ ਚਿਹਰਿਆਂ ਵਾਲਾ ਰੱਕਾਸ (ਨ੍ਰਿਤਕ) ਵਿਚ ਇਸ ਦਾ ਪ੍ਰਮਾਣ ਕੁਝ ਇਸ ਤਰ੍ਹਾਂ ਦਿੰਦਾ ਹੈ-

ਮੇਰੀ ਖ਼ਾਹਿਸ਼ ਦੇ ਅਸਥਾਨ ’ਤੇ
ਦੇਵੀ ਨਹੀਂ-
ਦੇਵਤਾ ਹੈ-
ਜਿਸ ਦੇ ਸਾਵੇਂ੍ਹ
ਮੈਂ ਸਦੀਆਂ ਦਾ ਵਸਲ ਪਿਆਸਾ
ਤੀਸਰੇ ਰੂਪ ’ਚ ਨੱਚ ਰਿਹਾ ਹਾਂ...!!!


ਸਮਲਿੰਗੀਆਂ ਬਾਰੇ ਮਿੱਥਾਂ
ਹਾਲੇ ਤੱਕ ਸਾਮਾਜਿਕ ਪੱਧਰ ਤੇ ਕਿਉਂਕਿ ਸਮਲਿੰਗੀ ਪ੍ਰਵਿਰਤੀ ਨੂੰ ਵਿਗਿਆਨਿਕ ਨਜ਼ਰੀਏ ਤੋਂ ਦੇਖਿਆ ਨਹੀਂ ਜਾਣ ਲੱਗਿਆ ਇਸ ਕਰਕੇ ਸਮਲਿੰਗੀਆਂ ਬਾਰੇ ਕੁਝ ਮਿੱਥਾਂ ਪਾਈਆਂ ਜਾਂਦੀਆਂ ਹਨ।

ਨਾਮਰਦ-ਮਿੱਥ (ਬੱਬਾ ਮਿੱਥ)
ਕਿਸੇ ਵੀ ਸਮਲਿੰਗੀ ਮਰਦ ਬਾਰੇ ਇਹ ਮਿੱਥ ਬਹੁਤ ਆਮ ਹੈ ਕਿ ਉਹ ਜ਼ਰੂਰ ਨਾਮਰਦ (ਬੱਬਾ) ਹੈ ਇਸੇ ਲਈ ਸਮਲਿੰਗੀ ਹੈ। ਇਸ ਪਿੱਛੇ ਜਿਨਸੀ ਸੰਬੰਧਾਂ ਬਾਰੇ ਮਰਦਾਊਂ ਦਾਬੇ ਵਾਲੀ ਸੋਚ ਕੰਮ ਕਰਦੀ ਹੈ। ਇਸ ਨੂੰ ਸਮਝਣ ਲਈ ਵਿਪਰੀਤ-ਜਿਨਸੀ ਰਿਸ਼ਤਿਆਂ ਵਿਚ ਮਰਦ ਅਤੇ ਔਰਤ ਦੀ ਭੂਮਿਕਾ ਬਾਰੇ ਜੋ ਮਾਨਸਿਕਤਾ ਹੈ ਉਸ ਨੂੰ ਧਿਆਨ ਵਿਚ ਰੱਖਣਾ ਪਵੇਗਾ। ਵਿਪਰੀਤ-ਜਿਨਸੀ ਰਿਸ਼ਤਿਆਂ ਵਿਚ ਭਾਵੇਂ ਆਮ ਸਾਮਾਜਿਕ ਸਹਿਹੋਂਦ ਜਾਂ ਸਹਿਚਾਰ ਦੀ ਗੱਲ ਹੋਵੇ ਜਾਂ ਸਹਿਵਾਸ ਦੀ ਪ੍ਰਸਥਿਤੀ ਹੋਵੇ ਹਰ ਹਾਲਤ ਵਿਚ ਔਰਤ ਨੂੰ ਕੌਮਪ੍ਰੌਮਾਈਜ਼ ਕਰਨ ਵਾਲੀ ਜਾਂ ਦੇਣ ਵਾਲੀ ਸਮਝਿਆ ਜਾਂਦਾ ਹੈ ਜਦਕਿ ਮਰਦ ਨੂੰ ਦਾਬੇ ਵਾਲਾ, ਹਾਸਲ ਕਰਨ ਵਾਲਾ ਜਾ ਲੈਣ ਵਾਲਾ ਮੰਨਿਆਂ ਜਾਂਦਾ। ਸਿਰਫ਼ ਦੇਣ ਦੇ ਹੀ ਯੋਗ ਵਾਲੇ ਨਜ਼ਰੀਏ ਤੋਂ ਔਰਤ ਨੂੰ ਹਮੇਸ਼ਾ ਹੀਣੀ ਸਥਿਤੀ ਵਿਚ ਰੱਖਿਆ ਜਾਂਦਾ ਹੈ।ਉਸਦਾ ਕਾਰਨ ਇਹ ਹੈ ਕਿ ਸਹਿਵਾਸ ਦੀ ਰਿਵਾਇਤੀ ਮੁਦਰਾ ਵਿਚ ਔਰਤ ਹੇਠਾਂ ਅਤੇ ਪੁਰਸ਼ ਉੱਪਰ ਹੁੰਦਾ ਹੈ।ਇਸ ਮੁਦਰਾ ਨੂੰ ਆਧਾਰ ਬਣਾ ਕੇ ਸੈਕਸੁਐਲਿਟੀ ਦੀ ਤਕਨੀਕੀ ਭਾਸ਼ਾ ਵਿਚ ਔਰਤ ਨੂੰ ਬੌਟਮ ਅਤੇ ਪੁਰਸ਼ ਨੂੰ ਟੌਪ ਕਿਹਾ ਜਾਂਦਾ ਹੈ। ਇਸ ਮਾਨਸਿਕਤਾ ਨਾਲ ਜਦੋਂ ਕਿਸੇ ਸਮਲਿੰਗੀ ਬਾਰੇ ਵਿਚਾਰ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਇਹੀ ਮਨ ਲਿਆ ਜਾਂਦਾ ਹੈ ਕਿ ਉਹ ਬੌਟਮ ਹੈ, ਉਹ ਉੱਪਰ ਵਾਲੀ ਭੂਮਿਕਾ ਨਹੀਂ ਨਿਭਾ ਸਕਦਾ, ਇਸ ਲਈ ਹੇਠਾਂ ਹੈ, ਇਸ ਲਈ ਸਮਲਿੰਗੀ ਹੈ ਅਤੇ ਸੁੱਧੇ ਸਿੱਧ ਮੰਨ ਲਿਆ ਜਾਂਦਾ ਹੈ ਕਿ ਨਾਮਰਦ (ਬੱਬਾ) ਹੈ। ਇਸ ਮਿੱਥ ਨੂੰ ਇਫ਼ਤੀ ਆਪਣੀ ਕਵਿਤਾ ‘ਇਕ ਹੋਰ ਆਵਾਜ਼’ ਰਾਹੀਂ ਤੋੜਦਾ ਹੈ-

ਮੈਂ ਇਨ੍ਹਾਂ ਲੋਕਾਂ ਤੋਂ ਵੱਖਰਾ ਹਾਂ
ਇਸ ਵਾਸਤੇ ਕਿ ਮੇਰੇ ਅੰਦਰ
ਔਰਤ ਵੀ ਹੈ – ਮਰਦ ਵੀ ਹੈ
ਮੈਂ ਕਾਲ਼ਾ ਵੀ ਹਾਂ – ਗੋਰਾ ਵੀ ਹਾਂ
ਮੈਂ ਜ਼ਰਦ ਵੀ ਹਾਂ – ਸਬਜ਼ ਵੀ ਹਾਂ
ਮੇਰੇ ਅੰਦਰ ਤਾਕਤ ਹੈ ਮਰਦ ਦੀ
ਤੇ ਸੰਵੇਦਨਾ ਹੈ ਔਰਤ ਦੀ
ਮੇਰੀ ਸ਼ਕਤੀ ਤੋਂ ਇਹ ਲੋਕ ਖ਼ੌਫ਼ਜ਼ਦਾ ਨੇ

ਅਸਲ ਵਿਚ ਵਿਪਰੀਤ-ਜਿਨਸੀਆਂ ਵਾਂਗ ਹੀ ਹਮਜਿਨਸੀਆਂ ਵਿਚ ਵੀ ਪਤੀ ਅਤੇ ਪਤਨੀ ਹੁੰਦੇ ਹਨ। ਸਮਲਿੰਗੀ ਤਿੰਨ ਕਿਸਮ ਦੇ ਹੁੰਦੇ ਹਨ।

ਟੌਪ- ਜੋ ਜਮਜਿਨਸੀ ਸੰਬੰਧ ਦੌਰਾਨ ਕੇਵਲ ਤੇ ਕੇਵਲ ਰਿਵਾਇਤੀ ਪੁਰਸ਼ ਵਾਲੀ ਭੂਮਿਕਾ ਨਿਭਾਉਂਦੇ ਹਨ।
ਬੌਟਮ- ਜੋ ਜਮਜਿਨਸੀ ਸੰਬੰਧ ਦੌਰਾਨ ਕੇਵਲ ਤੇ ਕੇਵਲ ਰਿਵਾਇਤੀ ਔਰਤ ਵਾਲੀ ਭੂਮਿਕਾ ਨਿਭਾਉਂਦੇ ਹਨ।
ਵਰਸੇਟਾਈਲ- ਜੋ ਦੋਵੇਂ ਭੂਮਿਕਾਵਾਂ ਨਿਭਾ ਸਕਦੇ ਹਨ ਅਤੇ ਲੋੜ ਅਨੁਸਾਰ ਆਪਣੀ ਸਥਿਤੀ ਟੌਪ ਜਾਂ ਬੌਟਮ ਵਿਚ ਬਦਲ ਲੈਂਦੇ ਹਨ।

ਭਾਵ ਕਿ ਹਮਜਿਨਸੀ ਹੋਣ ਪਿੱਛੇ ਮਰਦਾਨਗੀ ਦੀ ਘਾਟ ਕੇਵਲ ਇਕ ਭਰਮ ਹੈ, ਅਸਲ ਵਿਚ ਸਮਲਿੰਗੀ ਪੁਰਸ਼ਾਂ ਵਿਚ ਔਰਤ ਪ੍ਰਤੀ ਕੁਦਰਤੀ ਖਿੱਚ ਨਹੀਂ ਹੁੰਦੀ ਅਤੇ ਉਹ ਸਮਲਿੰਗੀ ਪੁਰਸ਼ ਸਾਥੀ ਵਿਚੋਂ ਹੀ ਔਰਤ ਜਾਂ ਪੁਰਸ਼ ਸਾਥੀ ਦੀ ਭਾਲ ਕਰਦੇ ਹਨ ਅਤੇ ਆਪਣੀ ਜਿਨਸੀ ਪ੍ਰਵਿਰਤੀ ਮੁਤਾਬਿਕ ਭੂਮਿਕਾ ਨਿਭਾਉਂਦੇ ਹਨ। ਪਰੰਤੂ ਇਸ ਮਿੱਥ ਤਹਿਤ ਜਦੋਂ ਸਮਲਿੰਗੀ ਨੂੰ ਨਾਮਰਦ ਮੰਨ ਲਿਆ ਜਾਂਦਾ ਹੈ ਤਾਂ ਉਸ ਲਈ ਸੰਬੋਧਨ ਦੇ ਜੋ ਸ਼ਬਦ ਵਰਤੇ ਜਾਂਦੇ ਹਨ, ਉਹ ਉਸ ਅੰਦਰ ਗਹਿਰੀ ਹੀਣ ਭਾਵਨਾ ਭਰ ਦਿੰਦੇ ਹਨ। ਇੱਥੋਂ ਤੱਕ ਕਿ ਕਿਸੇ ਗ਼ੈਰ-ਸਮਲਿੰਗੀ ਮਰਦ ਨੂੰ ਨੀਵਾਂ ਦਿਖਾਉਣ ਲਈ ਅਜਿਹਾ ਭੱਦਾ ਸ਼ਬਦ (ਬੱਬਾ) ਵਰਤਿਆ ਜਾਂਦਾ ਹੈ। ਜੋ ਅਸਿੱਧੇ ਤੌਰ ਤੇ ਸਮਲਿੰਗੀ ਨੂੰ ਗਾਹਲ ਦੇਣ ਵਰਗਾ ਹੁੰਦਾ ਹੈ। ਜਿਵੇਂ ਕਿ ਸਾਡੀ ਗਾਲ੍ਹਾਂ ਦੀ ਪਰੰਪਰਾਂ ਨੂੰ ਜੇ ਗੌਰ ਨਾਲ ਦੇਖਿਆ ਜਾਵੇ ਤਾਂ ਗਾਹਲ ਮਰਦ ਨੂੰ ਦਿੱਤੀ ਜਾਂਦੀ ਹੈ ਪਰ ਉਸ ਵਿਚ ਠੇਸ ਔਰਤ ਦੀ ਮਰਿਆਦਾ ਨੂੰ ਪਹੁੰਚਾਈ ਜਾਂਦੀ ਹੈ, ਜੋ ਕਿ ਮਰਦਾਊਂ ਦਾਬੇ ਵਾਲੀ ਨੈਤਿਕਤਾ ਦੇ ਮੂਲ ਸੰਕਲਪ ਉੱਪਰ ਹੀ ਸਵਾਲ ਲਾਉਂਦੀ ਹੈ। ਇਫ਼ਤੀ ਜੋ ਕਿ ਆਪ ‘ਵਰਸੇਟਾਈਲ ਗੇਅ’ ਸੀ ਆਪਣੀ ਕਵਿਤਾ ‘ਗੁੱਡੀਆਂ ਬਨਾਮ ਔਰਤ’ ਵਿਚ ਮਰਦਾਊਂ ਦਾਬੇ ਦੀ ਇਸ ਦੋਹਰੀ ਨੈਤਿਕਤਾ ਨੂੰ ਬਹੁਤ ਹੀ ਸੂਖਮਤਾ ਅਤੇ ਬੇਬਾਕੀ ਨਾਲ ਫੜ੍ਹਦਾ ਹੈ। ਨਾ ਸਿਰਫ਼ ਉਹ ਇਸ ਨੈਤਿਕਤਾ ’ਤੇ ਸਵਲਾ ਖੜ੍ਹੇ ਕਰਦਾ ਹੈ ਬਲਕਿ ਇਹ ਸਥਾਪਿਤ ਕਰਨ ਦੀ ਕੋਸ਼ਿਸ ਕਰਦਾ ਹੈ ਕਿ ਔਰਤ ਦੀ ਸੰਵੇਦਨਾ ਨੂੰ ਸਮਝਣ ਲਈ ਉਸਨੂੰ ਮਰਦ ਦੇ ਨਜ਼ਰੀਏ ਤੋਂ ਨਹੀਂ ਗੇਅ ਦੇ ਨਜ਼ਰੀਏ ਤੋਂ ਦੇਖਣ ਦੀ ਲੋੜ ਹੈ। ਕਵਿਤਾ ਦੀਆਂ ਸਤਰਾਂ ਦੇਖੋ-

ਮੈਨੂੰ ਬਚਪਨ ਤੋਂ ਹੀ
ਗੁੱਡੀਆਂ ਨਾਲ ਖੇਡਣਾ ਚੰਗਾ ਲੱਗਦਾ ਸੀ
ਮੇਰੇ ਹਮਜੋਲੀ
ਜਦ ਹਵਾਈ ਜ਼ਹਾਜ਼
ਘੋੜੇ
ਬੈਲ
ਕ੍ਰਿਕਟ
ਹਾਕੀ
ਫੁੱਟਬਾਲ
ਯਾਨੀ ਸਭ ਮਰਦਾਨਾ ਖੇਡਾਂ ਖੇਡਦੇ ਸਨ
ਉਦੋਂ ਮੈਂ
ਗੁੱਡੀਆਂ ਦੇ ਵਾਲ ਸੰਵਾਰਿਆ ਕਰਦਾ ਸੀ
ਹੁਣ ਜਦੋਂ ਮੈਂ 
ਗੁੱਡੀਆਂ ਨਾਲ ਖੇਡਣ ਦੀ
ਉਮਰ ਪਾਰ ਕਰ ਚੁੱਕਾ ਹਾਂ
ਤਾਂ ਮੇਰੇ ਹਮਜੋਲੀ
ਹੁਣ ‘ਗੁੱਡੀਆਂ’ ਨਾਲ ਖੇਡਦੇ ਹਨ
ਅਤੇ ਖੇਲ ਕੇ ਉਹਨਾਂ ਨੂੰ ਸੁੱਟ ਦਿੰਦੇ ਹਨ
ਉਹ ਉਨ੍ਹਾਂ ਨਾਲ ਅਜਿਹਾ ਹੀ ਸਲੂਕ ਕਰਦੇ ਹਨ
ਜਿਸ ਤਰ੍ਹਾਂ ਕੋਈ ਬੱਚਾ
ਆਪਣੇ ਖਿਡੌਣਿਆਂ ਨਾਲ ਕਰਦਾ ਹੈ
ਕਾਸ਼! ਮੇਰੇ ਹਮਜੋਲੀ ਗੁੱਡੀਆਂ ਨਾਲ ਖੇਡੇ ਹੁੰਦੇ

ਬਲਾਤਕਾਰੀ ਮਿੱਥ
ਹਮਜਿਨਸੀਆਂ ਬਾਰੇ ਇਕ ਹੋਰ ਅਜੀਬ ਮਿੱਥ ਇਹ ਹੈ ਕਿ ਇਹ ਹਮੇਸ਼ਾ ਕਿਸੇ ਨਾ ਕਿਸਾ ਨੂੰ ਆਪਣੀ ਜਿਨਸੀ ਭੁੱਖ ਦਾ ਸ਼ਿਕਾਰ ਬਣਾਉਣ ਦਾ ਮੌਕਾ ਭਾਲਦੇ ਰਹਿੰਦੇ ਹਨ। ਖ਼ਾਸ ਕਰ ਉਮਾਰਦਰਾਜ਼ ਸਮਲਿੰਗੀਆਂ ਬਾਰੇ ਇਹ ਸੋਚ ਹੈ ਕਿ ਉਹ ਅਲੱੜ੍ਹ ਉਮਰ ਦੇ ਮੁੰਡਿਆਂ ਨੂੰ ਭਰਮਾਉਂਣ ਦੀ ਕੋਸ਼ਿਸ਼ ਕਰਦੇ ਹਨ। ਸਾਰੇ ਸਮਲਿੰਗੀ ਵੀ ਉਵੇਂ ਹੀ ਬਲਾਤਕਾਰੀ ਨਹੀਂ ਹੁੰਦੇ ਜਿਵੇਂ ਸਾਰੇ ਮਰਦ ਬਲਾਤਕਾਰੀ ਨਹੀਂ ਹੁੰਦੇ।

ਸਮੱਸਿਆਵਾਂ
ਸਮਲਿੰਗੀਆਂ ਲਈ ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਦੀ ਆਪਣੀ ਪਛਾਣ, ਆਪਣੀ ਹੋਂਦ ਹੀ ਹੈ। ਜਿਸ ਸਮਾਜ ਵਿਚ ਜਿਨਸੀ ਪਛਾਣ ਨੂੰ ਦਾਬੇ, ਧਾਰਮਿਕਤਾ, ਨੈਤਿਕਤਾ, ਕਿਰਦਾਰ ਅਤੇ ਆਰਥਿਕ ਤਾਕਤ ਦਾ ਲਾਇਸੰਸ ਮੰਨਿਆਂ ਜਾਂਦਾ ਹੋਵੇ, ਉਸ ਸਮਾਜ ਵਿਚ ਹਮਜਿਨਸੀ ਪਛਾਣ ਵਿਅਕਤੀ ਨੂੰ ਕਮਜ਼ੋਰ, ਅਧਰਮੀ, ਅਨੈਤਿਕ, ਕਿਰਦਾਰਹੀਣ ਅਤੇ ਆਰਥਿਕ ਤੌਰ ’ਤੇ ਹੀਣਾ ਕਰ ਦਿੰਦੀ ਹੈ। ਇਫ਼ਤੀ ਆਪਣੀ ਕਵਿਤਾ ਪੀ-ਨਾਇਲ ਕੋਡ-377 (ਪੁਰਸ਼ ਲਿੰਗ ਕੋਡ-377) ਵਿਚ ਹਮਜਿਨਸੀਆਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਛੋਹਣ ਦਾ ਯਤਨ ਕਰਦਾ ਹੈ-

ਮੈਂ ਜਦ ਵੀ
ਤੈਨੂੰ  ਮੁਕੰਮਲ ਹੋਣ ਦਾ
ਫ਼ੈਸਲਾ ਕਰਨ ਲਈ ਕਿਹਾ
ਤੂੰ ਕਦੇ ਮਜ਼ਹਬ
ਕਦੇ ਸਮਾਜ
ਕਦੇ ਕਾਨੂੰਨ
ਕਦੇ ਇਨਸਾਨੀ ਨਸਲ ਦੇ
ਉਗਮਣ ਅਤੇ ਵਿਗਸਣ ਦਾ
ਹਵਾਲਾ ਦੇ ਕੇ
ਮੈਨੂੰ ਆਪਣੀਆਂ ਸੋਚਾਂ ਦੇ
ਹਨੇਰੇ ਖੂਹ ਵਿਚ ਸੁੱਟ ਦਿੱਤਾ

ਇਸ ਕਵਿਤਾ ਦੇ ਹਵਾਲੇ ਨਾਲ ਕੁਝ ਸਮੱਸਿਆਵਾਂ ਬਾਰੇ ਵਿਚਾਰ ਕਰਦੇ ਹਾਂ।

ਸਾਮਾਜਿਕ ਦਬਾਅ
ਵਿਗਿਆਨਿਕ ਤੌਰ ’ਤੇ ਇਹ ਗੱਲ ਪ੍ਰਮਾਣਿਤ ਹੈ ਕਿ ਅੱਲੜ ਉਮਰ ਵਿਚ ਹੀ ਵਿਅਕਤੀ ਨੂੰ ਅਹਿਸਾਸ ਹੋਣ ਲੱਗ ਜਾਂਦਾ ਹੈ ਕਿ ਉਸਦੀ ਜਿਨਸੀ ਪ੍ਰਵਿਰਤੀ ਕਿਹੜੀ ਹੈ। ਜਵਾਨ ਹੁੰਦੇ ਹਮਜਿਨਸੀ ਦੀ ਸੱਭ ਤੋਂ ਵੱਡੀ ਸਮੱਸਿਆ ਦੁਚਿੱਤੀ ਦੀ ਹੈ। ਉਹ ਆਲੇ-ਦੁਆਲੇ ਦੇਖਦਾ ਹੈ ਕਿ ਉਸ ਦੀ ਉਮਰ ਦੇ ਮੁੰਡੇ ਕੁੜੀਆਂ ਵਿਪਰੀਤ ਲਿੰਗ ਪ੍ਰਤੀ ਆਕਰਸ਼ਿਤ ਹੋ ਰਹੇ ਹਨ, ਪਰ ਆਪਣੇ ਬਾਰੇ ਅਹਿਸਾਸ ਹੁੰਦਾ ਕਿ ਉਹ ਆਪਣੇ ਲਿੰਗ ਵਾਲੇ ਵਿਅਕਤੀ ਪ੍ਰਤੀ ਹੀ  ਖਿੱਚਿਆ ਜਾ ਰਿਹਾ ਤਾਂ ਉਸਨੂੰ ਸਮਝ ਨੀ ਆਉਂਦੀ ਕਿ ਇਹ ਭਰਮ ਹੈ ਜਾਂ ਕੋਈ ਗੜਬੜ ਹੈ ਜਾਂ ਫਿਰ ਉਹ ਸੱਚਮੁੱਚ ਹਮਜਿਨਸੀ ਹੈ। ਜਦੋਂ ਇਸ ਬਾਰੇ ਇੰਨੀ ਜਾਣਕਾਰੀ ਨਹੀਂ ਸੀ ਹੁੰਦੀ ਤਾਂ ਉਦੋਂ ਆਪਣੇ ਆਪ ਬਾਰੇ ਕਿਸੇ ਨਿਰਣੇ ਤੇ ਪਹੁੰਚਣਾ ਹੀ ਮੁਸ਼ਕਿਲ ਹੁੰਦਾ ਸੀ। ਹੁਣ ਜਦੋਂ ਇਸ ਬਾਰੇ ਕਾਫ਼ੀ ਚਰਚਾ ਹੋਣ ਲੱਗ ਪਈ ਹੈ ਤਾਂ ਘੱਟੋ-ਘੱਟ ਅਜਿਹੇ ਮੋੜ ਤੇ ਬੱਚੇ ਨੂੰ ਸਮਝ ਆਉਣ ਲੱਗ ਜਾਂਦਾ ਹੈ, ਪਰ ਉਹ ਚਾਹੁੰਦਾ ਹੈ ਕਿ ਇਸ ਬਾਰੇ ਪੱਕਾ ਯਕੀਨ ਕਰ ਸਕੇ, ਪਰ ਕਿਸੇ ਤੋਂ ਇਸ ਦਾ ਜਵਾਬ ਉਸਨੂੰ ਨਹੀਂ ਮਿਲਦਾ। ਹਾਲੇ ਵੀ ਸਾਡੇ ਸਮਾਜ ਵਿਚ ਮਾਪੇ ਹਮਜਿਨਸੀ ਪ੍ਰਵਿਰਤੀ ਬਾਰੇ ਓਨੇ ਸਹਿਜ ਨਹੀਂ ਹੋਏ ਕਿ ਬੱਚੇ ਦੇ ਅਜਿਹੇ ਸਵਾਲ ਨੂੰ ਠਰੰਮੇ ਨਾਲ ਸੁਣ ਸਕਣ, ਹੱਲ ਤਾਂ ਬਹੁਤ ਦੂਰ ਦੀ ਗੱਲ ਹੈ। ਅਗਲਾ ਜ਼ਰੀਆ ਦੋਸਤ ਹੁੰਦੇ ਹਨ ਪਰ ਜੋ ਸਮਾਜ ਵਿਚ ਗੇਅਜ਼ ਬਾਰੇ ਨਜ਼ਰੀਆ ਹੈ, ਜੇ ਕਿਸੇ ਦੋਸਤ ਤੇ ਭਰੋਸਾ ਕਰਕੇ ਦੱਸ ਵੀ ਦਿੱਤਾ ਜਾਵੇ ਤਾਂ ਇਹ ਡਰ ਰਹਿੰਦਾ ਹੈ ਕਿਤੇ ਉਹ ਮਜ਼ਾਕ ਦਾ ਪਾਤਰ ਨਾ ਬਣ ਕੇ ਰਹਿ ਜਾਵੇ। ਹਾਰ ਕੇ ਉਹ ਇਕਲਾਪੇ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਆਪਣੀ ਹਮਜਿਨਸੀ ਪਛਾਣ ਨੂੰ ਜ਼ਾਹਰ ਨਾ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਸ ਇਕੱਲਤਾ ਅਤੇ ਪਛਾਣ ਉੱਪਰ ਮਖੌਟੇ ਦੀ ਵੇਦਨਾ ਨੂੰ ਇਫ਼ਤੀ ਆਪਣੀ ਕਵਿਤਾ ‘ਇਕ ਸਮਲਿੰਗੀ ਵਿਅਕਤੀ’ ਰਾਹੀਂ ਬਿਆਨ ਕਰਦਾ ਹੈ-

ਮੇਰੇ ਸਾਰੇ ਹਮਉਮਰ ਮੈਨੂੰ
ਅਲੱੜਪੁਣੇ ਦੇ ਇਸ ਮੋੜ ’ਤੇ ਛੱਡ ਕੇ ਜਾ ਚੁੱਕੇ ਨੇ
ਇਕੱਲਾ ਮੈਂ
ਉਸ ਸਖ਼ਸ ਦੀ ਇੰਤਜ਼ਾਰ ’ਚ ਹਾਂ
ਜੋ ਮੇਰੇ ਕਬੀਲੇ ਦਾ ਹੋਵੇਗਾ
ਜੋ ਮੇਰੇ ਬਦਨ ਦੇ ਰਹੱਸ ਬੁੱਝੇਗਾ
ਮੇਰੀ ਰੂਹ ਦੇ ਹਰੇਕ ਗੁਪਤ ਰਸਤੇ ’ਤੇ ਤੁਰੇਗਾ
ਮੈਨੂੰ ਆਪਣੇ ਚਿਹਰੇ ’ਤੇ-
ਕੋਈ ਮਖੌਟਾ ਪਹਿਨਣ ਦੀ ਖ਼ਾਹਿਸ਼ ਬਾਕੀ ਨਹੀਂ ਰਹੇਗੀ
ਉਹ ਕਿੱਥੇ ਹੈ ਜਿਸ ਵਾਸਤੇ
ਮੈਂ ਅਸੀਮਤ ਸਫ਼ਰ ਕਰ ਰਿਹਾ ਹਾਂ

ਇਫ਼ਤੀ ਨੂੰ ਵੀ ਬਚਪਨ ਤੋਂ ਹੀ ਆਪਣੇ ਹਮਜਿਨਸੀ ਹੋਣ ਬਾਰੇ ਪਤਾ ਲੱਗ ਗਿਆ। ਸਮਲਿੰਗੀਆਂ ਦੇ ਦਰਦ ਬਿਆਨ ਕਰਦੀਆਂ ਉਸਦੀਆਂ ਕਵਿਤਾਵਾਂ ਜਦੋਂ ਸੱਤਾ ਨੂੰ ਵੰਗਾਰਨ ਲੱਗੀਆਂ ਤਾਂ ਸੋਲ੍ਹਾਂ ਸਾਲ ਦੀ ਉਮਰ ਵਿਚ ਭਰੀ ਮਹਿਫ਼ਿਲ ਵਿਚ ਕਵਿਤਾ ਪੜ੍ਹਦੇ ਨੂੰ ਇਕ ਸਿਪਾਹੀ ਨੇ ਉਸ ਉੱਪਰ ਗੋਲੀ ਚਲਾ ਦਿੱਤੀ, ਜੋ ਉਸ ਦੀ ਲੱਤ ਚੀਰ ਗਈ।ਉਸ ਦੀ ਕਾਮ ਤਰਜੀਹ ਕਰਕੇ ਇਕ ਮੁਸਲਮਾਨ ਵਿਅਕਤੀ ਨੇ ਲਾਇਲਪੁਰ (ਪਾਕਿਸਤਾਨ) ਰਹਿੰਦਿਆਂ ਉਸ ਦੇ ਘਰ ਅੰਦਰ ਆ ਕੇ ਚਾਕੂ ਨਾਲ ਹਮਲਾ ਕਰ ਦਿੱਤਾ। ਉਹ ਇਨ੍ਹਾਂ ਗੱਲਾਂ ਤੋਂ ਐਨਾ ਨਹੀਂ ਡਰਿਆ ਜਿੰਨ੍ਹਾਂ ਇਸ ਗੱਲ ਤੋਂ ਪਰੇਸ਼ਾਨ ਹੋ ਗਿਆ ਕਿ ਉਸਦੇ ਮਾਪਿਆਂ ਨੇ ਉਸਦੀ ਵੱਖਰੀ ਕਾਮ ਪ੍ਰਵਿਰਤੀ ਨੂੰ ਪ੍ਰਵਾਨ ਨਹੀਂ ਕੀਤਾ। ਜਦੋਂ ਉਨ੍ਹਾਂ ਨੂੰ ਉਸਦੇ ਸਮਲਿੰਗੀ ਹੋਣ ਦਾ ਪਤਾ ਲੱਗਾ ਤਾਂ ਉਹ ਉਸਦਾ ਵਿਆਹ ਕਰਨ ਲਈ ਕਾਹਲੇ ਪੈ ਗਏ ਪਰ ਇਫ਼ਤੀ ਨੂੰ ਕੁੜੀਆਂ ਦੀ ਚਾਹਤ ਨਹੀਂ ਸੀ ਅਤੇ ਨਾ ਹੀ ਉਹ ਕਿਸੇ ਕੁੜੀ ਨਾਲ ਵਿਆਹ ਕਰਵਾ ਕੇ ਉਸਦੀ ਜ਼ਿੰਦਗੀ ਬਰਬਾਦ ਕਰਨਾ ਚਾਹੁੰਦਾ ਸੀ। ਉਸ ਵੇਲੇ ਉਹ ਬਹਾਨਾ ਲਾ ਕੇ ਅਮਰੀਕਾ ਆ ਗਿਆ ਅਤੇ ਫਿਰ ਵਾਪਸ ਪਾਕਿਸਤਾਨ ਨਹੀਂ ਗਿਆ। ਹਰ ਸਮਲਿੰਗੀ ਨਾਲ ਇਹੀ ਹੁੰਦਾ ਹੈ ਕਿ ਪਰਿਵਾਰ ਵਾਲੇ ਰਿਵਾਇਤੀ ਤੌਰ ਤੇ ਉਸ ਦੇ ਵਿਆਹ ਦੀਆਂ ਗੋਂਦਾ ਗੁੰਦਦੇ ਹਨ।ਵੈਸੇ ਵੀ ਸਮਾਜ ਵਿਚ ਇਕ ਲੰਮੇ ਸਮੇਂ ਤੋਂ ਜਿਨਸੀ ਸੰਬੰਧਾਂ ਨੂੰ ਵੰਸ਼ ਵਾਧੇ ਦਾ ਮਾਧਿਅਮ ਮੰਨਿਆ ਜਾਂਦਾ ਹੈ। ਜਿਸ ਜਿਨਸੀ ਸੰਬੰਧ ਵਿਚੋਂ ਔਲਾਦ ਨਹੀਂ ਮਿਲਦੀ ਉਸ ਸੰਬੰਧ ਨੂੰ ਗ਼ੈਰਕੁਦਰਤੀ ਕਿਹਾ ਜਾਂਦਾ ਹੈ। ਇਹ ਸਵਾਲ ਕੀਤਾ ਜਾਂਦਾ ਹੈ ਕਿ ਜੇ ਇਸ ਤਰ੍ਹਾਂ ਹਮਜਿਨਸੀ ਰਿਸ਼ਤਿਆਂ ਨੂੰ ਖੁੱਲ੍ਹ ਦੇ ਦਿੱਤੀ ਜਾਵੇ ਤਾਂ ਆਬਾਦੀ ਦਾ ਅਨੁਪਾਤ ਵਿਗੜ ਜਾਵੇਗਾ। ਇਸ ਬਾਰੇ ਇਫ਼ਤੀ ਇਕ ਬਹੁਤ ਹੀ ਨਿੱਕੀ ਪਰ ਬੇਹੱਦ ਬੇਬਾਕ ਕਵਿਤਾ ਅਨੁਪਾਤ ਰਾਹੀਂ ਸਵਾਲ ਕਰਦਾ ਹੈ-

ਕਿਸੇ ਵੀ ਸੁਸਾਇਟੀ ਵਿਚ
ਮੇਰੇ ਵਰਗੇ ਲੋਕ
ਦਸ ਤੋਂ ਵੀਹ ਪਰਸੈਂਟ ਹੁੰਦੇ ਹਨ
ਬਾਕੀ ਨੱਬੇ ਤੋਂ ਅੱਸੀ ਪਰਸੈਂਟ
ਤੁਹਾਡੇ ਵਰਗੇ
ਜੇਕਰ ਅੱਸੀ ਫ਼ੀਸਦ ਲੋਕ
ਆਬਾਦੀ ਦਾ ਅਨੁਪਾਤ
ਬਰਕਰਾਰ ਨਹੀਂ ਰੱਖ ਸਕਦੇ
ਤਾਂ ਫਿਰ “ਫਿੱਟੇ ਮੂੰਹ!”

ਪਰ ਇਸਦੇ ਬਾਵਜੂਦ ਉਹ ਔਲਾਦ ਨਾ ਪੈਦਾ ਕਰ ਸਕਣ ਦਾ ਇਲਜ਼ਾਮ ਆਪਣੀ ਰੂਹ ਤੱਕ ਹੰਢਾਉਂਦਾ ਹੈ ਜਿਸ ਵਿਚੋਂ ਦਰਦ ਦੀ ਹੂਕ ‘ਬਾਂਝ ਮਰਦ’ ਨਾਮਕ ਕਵਿਤਾ ਵਿਚੋਂ ਨਿਕਲਦੀ ਹੈ-

ਮੈਂ ਇਕ ਅਜਿਹਾ ‘ਆਦਮ’ ਹਾਂ
ਜਿਸਦੀ ‘ਹੱਵਾ’ ਖ਼ਾਲੀ ਗੋਦ ਲਈ
ਇਲਜ਼ਾਮ ਦੀ ਮੂਰਤ ਬਣੀ
ਸੁੰਨੇ ਆਸਮਾਨ ਵੱਲ ਤੱਕਦੀ ਹੈ

ਮੇਰੀ ਨਸਲ ਦਾ ਆਗਾਜ਼
ਮੇਰੇ ਤੋਂ ਹੀ ਹੋਇਆ ਹੈ
ਮੇਰੇ ਤੇ ਹੀ ਖਤਮ ਹੋ ਜਾਏਗਾ

ਉਹ ਜਿਨਸੀ ਮੇਲ ਰਾਹੀਂ ਔਲਾਦ ਪੈਦਾ ਨਾ ਕਰ ਸਕਣ ਤੇ ਉਦਾਸ ਤਾਂ ਹੁੰਦਾ ਹੈ ਪਰ ਨਿਰਾਸ਼ ਬਿਲਕੁਲ ਨਹੀਂ ਹੁੰਦਾ, ਕਿਉਂਕਿ ਉਸ ਦਾ ਮੰਨਣਾ ਹੈ ਕਿ ਕੁਕਨੂਸ ਵਾਂਗ ਉਹ ਆਪਣੀ ਰਾਖ਼ ਵਿਚੋਂ ਹੀ ਮੁੜ ਪੈਦਾ ਹੋ ਜਾਂਦੇ ਹਨ। ਕਵਿਤਾ ‘ਜ਼ੁਲਫ਼ੀ ਵਾਸਤੇ’ ਵਿਚ ਉਹ ਲਿਖਦਾ ਹੈ-

ਜ਼ਰੂਰੀ ਨਹੀਂ
ਕਿ ‘ਗੇਅ’ ਹੋਣ ਦਾ ਅਰਥ
ਦੁਖੀ ਹੋਣਾ ਹੀ ਹੋਵੇ...1

ਯਾਦ ਰੱਖ
ਅਸੀਂ ‘ਗੇਅ’ ਹਾਂ
ਅਸੀਂ ਆਜ਼ਾਦ ਰੂਹ ਹਾਂ
ਅਸੀਂ ਕਦੀ ਜਵਾਨ ਜਾਂ
ਬੁੱਢੇ ਨਹੀਂ ਹੁੰਦੇ
ਅਸੀਂ ਸੈਭੰ ਹਾਂ
ਅਸੀਂ ਕਦੇ ਨਹੀਂ ਮਰਦੇ
ਸਿਰਫ਼ ਗਾਇਬ ਹੋ ਜਾਂਦੇ ਹਾਂ
ਤੇ ਫਿਰ-
ਕਿਸੇ ਜਵਾਨ ਖ਼ੂਬਸੂਰਤ ਅੱਖਾਂ ਵਿਚ
ਸੁਪਨਾ ਬਣ ਕੇ ਵਾਪਸ ਆ ਜਾਂਦੇ ਹਾਂ...!

ਧਾਰਮਿਕ ਪਾਬੰਦੀਆਂ
ਰੈਂਡਮ ਹਿਸਟਰੀ ਨਾਮਕ ਵੈੱਬਸਾਈਟ ਵਿਲੀਅਮ ਐਸਕ੍ਰਿਜ ਦੇ ਹਵਾਲੇ ਨਾਲ ਲਿਖਦੀ ਹੈ ਕਿ ਮੈਸੋਪੁਟਾਮੀਆ ਦੇ ਕੁਝ ਹਿੱਸਿਆਂ ਅਤੇ ਪ੍ਰਾਚੀਨ ਮਿਸਰ ਹਮਜਿਨਸੀ ਵਿਆਹ ਹੁੰਦੇ ਸਨ। ਮਿਸਰ ਦੀਆਂ ਕਈ ਕਲਾਕ੍ਰਿਤਾਂ ਵਿਚ ਹਮਜਿਨਸੀ ਸੰਬੰਧਾਂ ਨੂੰ ਦਰਸਾਇਆ ਗਿਆ ਹੈ, ਇੱਥੋਂ ਤੱਕ ਕਿ ਅਜਿਹੇ ਹੀ ਇਕ ਜੋੜੇ ਦਾ ਫੈਰਓਨ ਭਵਨਕਲਾ ਵਾਲਾ ਮਕਬਰਾ ਮਿਲਿਆ ਹੈ, ਜੋ ਹਮਜਿਨਸੀ ਸੰਬੰਧਾਂ ਨੂੰ ਰਾਜਸੱਤਾ ਦੀ ਮਾਨਤਾ ਦੀ ਗਵਾਹੀ ਭਰਦਾ ਹੈ। ਮੈਸੋਪਟਾਮੀਆਂ ਵਿਚ ਵਿਆਹ ਲਈ ਨਿਯਮਾਂ ਸੰਬੰਧੀ ਦਸਤਾਵੇਜ਼ ਮਿਲਦੇ ਹਨ,
Painting - Egyptian Gay Couple
ਜਿਨ੍ਹਾਂ ਵਿਚ ਰਾਜਿਆਂ ਦੇ ਪੁਰਸ਼ ਪ੍ਰੇਮਿਆਂ ਦਾ ਜ਼ਿਕਰ ਵੀ ਹੈ, ਉਨ੍ਹਾਂ ਵਿਚੋਂ ਕਿਸੇ ਵਿਚ ਵੀ ਹਮਜਿਨਸੀ ਵਿਆਹਾਂ ਉੱਪਰ ਕਿਸੇ ਪਾਬੰਦੀ ਦਾ ਜ਼ਿਕਰ ਨਹੀਂ ਹੈ।ਪਲੂਟੋ ਦੇ ਸਿੰਪੋਜ਼ਿਆਮ ਵਿਚ ਵੀ ਇਸ ਦਾ ਜ਼ਿਕਰ ਮਿਲਦਾ ਹੈ। ਮੱਧਕਾਲੀਨ ਯੂਰਪ ਵਿਚ ਚਰਚ ਦੇ ਭਾਰੂ ਹੋਣ ਨਾਲ ਰਿਸ਼ਤਿਆਂ ਬਾਰੇ ਫੈਸਲੇ ਉਸ ਦੇ ਹੱਥ ਵਿਚ ਆ ਗਏ। ਸ਼ੁਰੂਆਤ ਵਿਚ ਹਮਜਿਨਸੀ ਸੰਬੰਧਾਂ ਨੂੰ ਖੁੱਲ੍ਹ ਮਿਲੀ ਪਰ ਹੌਲੀ-ਹੌਲੀ ਇਸ ਸੰਬੰਧੀ ਕਾਨੂੰਨ ਬਣਨ ਲੱਗੇ, ਜਿਸ ਵਿਚ ਇਸ ਬਾਰੇ ਸੀਮਾਵਾਂ ਤੈਅ ਹੋਣ ਲੱਗੀਆਂ। ਤੇਰਵੀਂ ਸਦੀ ਵਿਚ ਹਮਜਿਨਸੀ ਸੰਬੰਧਾਂ ਤੇ ਪਾਬੰਦੀ ਬਾਰੇ ਪਹਿਲਾ ਕਾਨੂੰਨ ਆਇਆ ਅਤੇ ਇਸ ਸੰਬੰਧ ਨੂੰ ਗ਼ੈਰ-ਕੁਦਰਤੀ ਗਰਦਾਨ ਦਿੱਤਾ ਗਿਆ। ਹਿੰਸਕ ਤਰੀਕੇ ਨਾਲ ਦਬਾਇਆ ਵੀ ਗਿਆ। 19ਵੀਂ ਸਦੀ ਵਿਚ ਆ ਕੇ ਵਿਪਰੀਤ-ਜਿਨਸੀ ਰਿਸ਼ਤੇ ਨੂੰ ਹੀ ਜਿਨਸੀ-ਪ੍ਰਵਿਰਤੀ ਦਾ ਮਾਪਦੰਡ ਮੰਨ ਲਿਆ ਗਿਆ ਅਤੇ ਹਮ-ਜਿਨਸੀ ਨੂੰ ਬੀਮਾਰੀ ਸਮਝਿਆ ਜਾਣ ਲੱਗਾ। ਨਾਜ਼ੀ ਸੱਤਾ ਦੇ ਦੌਰ ਵਿਚ ਹਮਜਿਨਸੀਆਂ ਨੂੰ ਹੀਣੀ ਨਸਲ ਕਹਿ ਕੇ ਤਸ਼ਦੱਦ ਕੀਤਾ ਗਿਆ। ਓਲਡ ਟੈਸਟਾਮੈਂਟ ਵਿਚ ਪੁਰਸ਼-ਹਮਜਿਨਸੀ ਲਈ ਮੌਤ ਦੀ ਸੱਜ਼ਾ ਮੁਕਰੱਰ ਕੀਤੀ ਗਈ ਹੈ ਜਦਕਿ ਨਿਊ ਟੈਸਟਾਮੈਂਟ ਵਿਚ ਪੁਰਸ਼ ਅਤੇ ਔਰਤ ਦੋਵਾਂ ਕਿਸਮ ਦੀ ਹਮਜਿਨਸੀ ਦੀ ਮਨਾਹੀ ਦੇ ਨਾਲ ਅਜਿਹੇ ਲੋਕਾਂ ਦੇ ਰੱਬ ਦੀ ਰਜ਼ਾ ਤੋਂ ਵਾਂਝੇ ਰਹਿਣ ਦੀ ਗੱਲ ਕੀਤੀ ਗਈ ਹੈ। ਵੇਦਾਂ ਵਿਚ ਹਮਜਿਨਸੀ ਰਿਸ਼ਤਿਆਂ ਤੇ ਪਾਬੰਦੀ ਨਹੀਂ ਹੈ ਪਰ ਇਨ੍ਹਾਂ ਨੂੰ ਪਤਿਤ ਕਿਹਾ ਗਿਆ ਹੈ।ਸਿੱਖ ਧਰਮ ਵਿਚ ਇਸ ਬਾਰੇ ਕੋਈ ਪ੍ਰਮਾਣ ਤਾਂ ਨਹੀਂ ਮਿਲਦਾ ਪਰ ਇਕ ਖ਼ਬਰ ਮੁਤਾਬਿਕ ਫਰਵਰੀ 2016 ਵਿਚ ਕੈਨੇਡਾ ਦੇ ਸੂਬੇ ਓਂਟਾਰੀਓ ਦੀ ਪ੍ਰੀਮੀਅਰ ਕੈਥਲੀਨ ਵੀਨੀ ਨੂੰ ਦਰਬਾਰ ਸਾਹਿਬ ਆਉਣ ’ਤੇ ਐਸਜੀਪੀਸੀ ਵੱਲੋਂ ਇਸ ਕਰਕੇ ਮੀਡੀਆ ਤੋਂ ਦੂਰ ਰੱਖਿਆ ਗਿਆ ਅਤੇ ਰਿਵਾਇਤੀ ਤਰੀਕੇ ਨਾਲ ਸਨਮਾਨਿਤ ਨਹੀਂ ਕੀਤਾ ਗਿਆ ਕਿਉਂਕਿ ਉਹ ਕੈਨੇਡਾ ਵਿਚ ਸਮਲਿੰਗੀ ਸੰਬੰਧਾਂ ਦੀ ਹਮਾਇਤੀ ਹੈ। ਜਨਵਰੀ 2005 ਵਿਚ ਅਕਾਲ ਤਖ਼ਤ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਸਮਲਿੰਗੀ ਸੰਬੰਧਾਂ ਨੂੰ ਸਿੱਖ ਧਰਮ ਦੇ ਖ਼ਿਲਾਫ਼ ਦੱਸਿਆ ਸੀ।ਕੁਰਾਨ ਵਿਚ ਦੀਆਂ ਕੁਝ ਅਇਤਾਂ ਦਾ ਟੀਕਾ ਕਰਦਿਆਂ ਅਤੇ ਸ਼ਰੀਅਤ ਦੇ ਹਵਾਲੇ ਨਾਲ ਇਸਲਾਮ ਵਿਚ ਵੀ ਇਸ ਨੂੰ ਧਰਮ ਦੇ ਵਿਰੁੱਧ ਦੱਸਿਆ ਜਾਂਦਾ ਹੈ, ਜਦਕਿ ਆਧੁਨਿਕ ਇਸਲਾਮੀ ਖੋਜਕਾਰ ਇਸ ਗੱਲ ਨਾਲ ਇਤਫ਼ਾਕ ਨਹੀਂ ਰੱਖਦੇ ਪਰੰਤੂ ਹਰ ਧਰਮ ਦੇ ਪ੍ਰਚਾਰਕ ਇਨ੍ਹਾਂ ਰਿਸ਼ਤਿਆਂ ਨੂੰ ਅਨੈਤਿਕ ਦੱਸਦੇ ਹੋਏ ਇਸ ਨੂੰ ਅਧਰਮੀ ਰਿਸ਼ਤੇ ਵੱਜੋਂ ਪ੍ਰਚਾਰਦੇ ਹਨ। ਜਿਸ ਕਰਕੇ ਹਮਜਿਨਸੀ ਵਿਅਕਤੀ ਨੂੰ ਨਾ ਸਿਰਫ਼ ਆਪਣੇ ਪਰਿਵਾਰ ਦੀਆਂ ਨਜ਼ਰਾਂ ਵਿਚ ਹੀਣਾਂ ਹੋਣਾ ਪੈਦਾ ਹੈ ਬਲਕਿ ਪੂਰੀ ਬਿਰਾਦਰੀ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਧਰਮ ਦੇ ਨਾਮ ’ਤੇ ਮਨੁੱਖੀ ਅਧਿਕਾਰ ਖੋਹਣ ਬਾਰੇ ਇਫ਼ਤੀ ਆਪਣੀ ਕਵਿਤਾ ‘ਪੱਥਰਾਂ ਦੀ ਬਾਰਿਸ਼’ ਰਾਹੀਂ ਇਉਂ ਸੰਬੋਧਿਤ ਹੁੰਦਾ ਹੈ-

ਦੂਸਰਾ ਪੱਥਰ
ਉਸ ਨੇ ਸੁੱਟਿਆ
ਜੋ ਬਿਲਕੁਲ ਮੇਰੇ ਵਰਗਾ ਸੀ
ਪਰ ਦੁਨੀਆ ਤੋਂ ਡਰਦਾ ਸੀ

ਚੌਥਾ ਪੱਥਰ
ਇਕ ਮਸਜਿਦ ’ਚੋਂ ਆਇਆ ਸੀ
ਜਿਸ ਦੇ ਇਮਾਮ ਦੀ ਚੌਥੀ ਬੀਵੀ
ਉਸ ਦੀ ਕੰਜਕ ਬੇਟੀ ਤੋਂ ਵੀ ਛੋਟੀ ਸੀ

ਇੱਕ ਪੱਥਰ ਗਿਰਜੇ ’ਚੋਂ ਆਇਆ
ਜਿਸ ਦੇ ਪਾਦਰੀ ਦੀ-
ਕੋਈ ਵੀ ਜਿਨਸ ਨਹੀਂ ਸੀ

ਇਕ ਪੱਥਰ ਮੰਦਿਰ ਦੇ ਪੰਡਿਤ ਨੇ ਵੀ ਮਾਰਿਆ ਸੀ
ਜਿਹੜਾ ਦੋਵੇਂ ਬੰਨਿਓਂ ਭਿੱਖਿਆ ਲੈਂਦਾ ਸੀ
ਇਸ ਤੋਂ ਬਾਦ ਮੈਨੂੰ ਹੋਸ਼ ਨਹੀਂ
ਇਸ ਤੋਂ ਬਾਦ ਜੋ ਪੱਥਰ ਆਇਆ
ਉਸ ’ਤੇ ਕਿਸੇ ਦਾ ਨਾਮ ਨਹੀਂ ਸੀ...!!!

ਇਸ ਕਵਿਤਾ ਦੇ ਹਵਾਲੇ ਨਾਲ ਕਿਹਾ ਜਾ ਸਕਦਾ ਹੈ ਧਰਮ ਅਤੇ ਨੈਤਿਕਤਾ ਦੇ ਦੋਹਰੇ ਮਾਪਦੰਡਾਂ ਨਾਲ ਜੂਝਦਾ ਹਮਜਿਨਸੀ ਆਪਣੀ ਹੋਂਦ ਅਤੇ ਪਛਾਣ ਪ੍ਰਤੀ ਜ਼ਿਆਦਾ ਜਾਗਰੂਕ ਹੁੰਦਾ ਹੈ।ਇਕ ਇੰਟਰਵਿਯੂ ਵਿਚ ਇਫ਼ਤੀ ਕਹਿੰਦਾ ਹੈ, “ਇਸ ਤਰ੍ਹਾਂ ਦਾ ਰਿਸ਼ਤਾ ਕਾਇਮ ਰੱਖਣਾ ਬਹੁਤ ਮੁਸ਼ਕਲ ਹੈ ਕਿਉਂਕਿ ਸਮਾਜ ਵਿਚ ਇਹ ਰਿਸ਼ਤਾ ਪਰਵਾਨ ਨਹੀਂ, ਧਰਮ ਤੁਹਾਡੇ ਖ਼ਿਲਾਫ਼ ਜਾ ਰਿਹਾ ਹੁੰਦਾ ਹੈ। ਤੁਸੀਂ ਪਾਣੀ ਦੇ ਵਹਾ ਦੇ ਉਲਟ ਤਰ ਰਹੇ ਹੁੰਦੇ ਹੋ। ਅਜਿਹੇ ਰਿਸ਼ਤੇ ਨੂੰ ਸਿਰੇ ਚੜ੍ਹਾਉਣ ਲਈ ਤੁਸੀਂ ਮੌਰੋਲੀ, ਸਪਰਿਚੁਅਲੀ ਜਾਂ ਫਿਰ ਫ਼ਿਜ਼ੀਕਲੀ ਜਾਂ ਫ਼ਾਈਨੈਂਸ਼ਲੀ ਸਟਰੋਨਗ ਹੋਵੋ। ਰਿਵਾਇਤ ਨੂੰ ਚੈਲੰਜ ਕਰਨਾ ਆਸਾਨ ਨਹੀਂ।”

ਰਿਵਾਇਤਾਂ ਨੂੰ ਚੈਲੰਜ ਕਰਨ ਅਤੇ ਧਰਮ ਦੇ ਦੋਹਰੇ ਮਾਪਦੰਡਾਂ ਨੂੰ ਬੇਨਕਾਬ ਕਰਨ ਦੇ ਮਾਮਲੇ ਵਿਚ ਇਫ਼ਤੀ ਕੇਵਲ ਹਮਜਿਨਸੀਆਂ ਦੇ ਹੱਕਾਂ ਦੀ ਹੀ ਨਹੀਂ ਔਰਤਾਂ ਦੇ ਹੱਕਾਂ ਦੀ ਵੀ ਗੱਲ ਕਰਦਿਆਂ, ਮਨੁੱਖੀ ਅਧਿਕਾਰਾਂ ਦਾ ਹਰਕਾਰਾ ਹੋ ਨਿੱਬੜਦਾ ਹੈ।ਆਪਣੀ ਕਵਿਤਾ ਨੂਰ ਜਹਾਂ ਵਿਚ ਉਹ ਪੁੱਛਦਾ ਹੈ-

ਲੋਕ ਕਹਿੰਦੇ ਨੇ-
ਔਰਤ ਅਜ਼ਾਨ ਨਹੀਂ ਦੇ ਸਕਦੀ
ਔਰਤ ਈਮਾਮ ਨਹੀਂ ਬਣ ਸਕਦੀ

ਮੈਂ ਅਕਸਰ ਸੋਚਦਾ ਹਾਂ
ਜੇ ਔਰਤ ਮਾਂ ਬਣ ਸਕਦੀ ਹੈ
ਤਾਂ ਬਾਕੀ ਕੀ ਰਹਿ ਜਾਂਦਾ ਹੈ...?

ਕਾਨੂੰਨੀ ਅੜਚਨਾਂ
26 ਜੂਨ 2015 ਨੂੰ ਅਮਰੀਕੀ ਸੁਪਰੀਮ ਕੋਰਟ ਵੱਲੋਂ ਸਮਲਿੰਗੀ ਵਿਆਹਾਂ ਨੂੰ ਕੌਮੀ ਮੰਜ਼ੂਰੀ ਦੇਣ ਦੇ ਨਾਲ-ਨਾਲ ਦੁਨੀਆਂ ਦੇ 21 ਮੁਲਕਾਂ ਵਿਚ ਅਜਿਹੇ ਵਿਆਹਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਜਾ ਚੁੱਕੀ ਹੈ, ਇਨ੍ਹਾਂ ਵਿਚ ਨੀਦਰਲੈਂਡ (2000), ਬੈਲਜੀਅਮ (2003), ਕੈਨੇਡਾ (2005), ਸਪੇਨ (2005), ਦੱਖਣੀ ਅਫ਼ਰੀਕਾ (2006), ਨੌਰਵੇ (2009), ਸਵੀਡਨ (2009), ਅਰਜਨਟੀਨਾ (2010), ਆਈਸਲੈਂਡ (2010), ਪੁਰਤਗਾਲ (2010), ਡੈਨਮਾਰਕ (2012), ਬ੍ਰਾਜ਼ੀਲ (2013), ਇੰਗਲੈਂਡ ਅਤੇ ਵੇਲਜ਼ (2013), ਫਰਾਂਸ (2013), ਉਰਗੁਏ (2013), ਲਕਸਮਬਰਗ (2014), ਸਕਾਟਲੈਂਡ (2014), ਫਿਨਲੈਂਡ (2015, ਲਾਗੂ 2017), ਆਇਰਲੈਂਡ (2015)। ਪਰੰਤੂ ਭਾਰਤ ਵਰਗੇ ਮੁਲਕ ਵਿਚ ਜਿੱਥੇ ਹਾਲੇ ਹਮਜਿਨਸੀ ਸਬੰਧ ਸਥਾਪਿਤ ਕਰਨਾ ਹੀ ਕਾਨੂਨੀ ਅਪਰਾਧ ਹੈ, ਉਸ ਮਾਹੌਲ ਵਿਚ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਮਿਲਣਾ ਹਾਲੇ ਦੂਰ-ਦੂਰ ਤੱਕ ਨਜ਼ਰ ਨਹੀਂ ਆ ਰਿਹਾ। ਬਰਤਾਨਵੀ ਰਾਜ ਸਮੇਂ ਬਣਾਈ ਗਈ ਭਾਰਤੀ ਦੰਡਾਵਲੀ ਦੀ ਧਾਰਾ 377 ਅਧੀਨ ਹਮਜਿਨਸੀ ਸੰਬੰਧ ਨੂੰ ਗੈਰ-ਕੁਦਰਤੀ ਸੰਬੰਧਾਂ ਦੇ ਦਾਇਰੇ ਵਿਚ ਰੱਖਦਿਆਂ ਅਜਿਹਾ ਸੰਬੰਧ ਬਣਾਉਣ ਤੇ 10 ਸਾਲ ਤੋਂ ਲੈ ਕੇ ਉਮਰਕੈਦ ਅਤੇ ਜੁਰਮਾਨੇ ਦੀ ਸਜ਼ਾ ਮੁਕਰੱਰ ਕੀਤੀ ਗਈ ਹੈ। ਸਵੈ-ਸੇਵੀ ਸੰਸਥਾ ਨਾਜ਼ ਫਾਊਂਡੇਸ਼ਨ ਵੱਲੋਂ ਧਾਰਾ 377 ਵਿਚ ਸੁਧਾਰ ਕਰਕੇ 2001 ਵਿਚ ਦਿੱਲੀ ਹਾਈਕੋਰਟ ਵਿਚ ਸਹਿਮਤੀ ਨਾਲ ਹਮਜਿਨਸੀ ਸੰਬੰਧ ਕਾਇਮ ਕਰਨ ਨੂੰ ਕਾਨੂੰਨੀ ਮਾਨਤਾ ਦਿੱਤੇ ਜਾਣ ਦੀ ਅਰਜ਼ੀ ਦਾਖ਼ਲ ਕੀਤੀ ਗਈ, ਲੰਬੇ ਸੰਘਰਸ਼ ਤੋਂ ਬਾਅਦ 2 ਜੁਲਾਈ 2009 ਨੂੰ ਇਸ ਦੇ ਹੱਕ ਵਿਚ ਫੈਸਲਾ ਸੁਣਾ ਦਿੱਤਾ ਗਿਆ ਪਰ 11 ਦਸੰਬਰ 2013 ਨੂੰ ਸੁਪਰੀਮ ਕੋਰਟ ਦੀ ਦੋ ਮੈਂਬਰੀ ਬੈਂਚ ਨੇ ਇਕ ਕਹਿ ਕਿ ਦਿੱਲੀ ਹਾਈਕੋਰਟ ਦਾ ਫੈਸਲਾ ਰੱਦ ਕਰ ਦਿੱਤਾ ਕਿ ਕਾਨੂੰਨ ਵਿਚ ਤਬਦੀਲੀ ਕੇਵਲ ਸੰਸਦ ਕਰ ਸਕਦੀ ਹੈ, ਅਦਾਲਤ ਨਹੀਂ। ਪਾਕਿਸਤਾਨ ਤੋਂ ਆ ਕੇ ਅਮਰੀਕਾ ਵਿਚ ਵੱਸ ਜਾਣ ਦੇ ਬਾਵਜੂਦ ਇਫ਼ਤੀ ਕੁੱਲ ਦੁਨੀਆਂ ਦੇ ਹਮਜਿਨਸੀਆਂ ਦੇ ਮਨੁੱਖੀ ਅਧਿਕਾਰਾਂ ਬਾਰੇ ਚਿੰਤਤ ਰਹਿੰਦਾ ਸੀ। ਉਹ ਇੰਡੀਅਨ ਪੀਨਲ ਕੋਡ ਧੱਕੇਸ਼ਾਹੀ ਆਵਾਜ਼ ਬੁਲੰਦ ਕਰਦਿਆਂ ਇਸ ਨੂੰ ਪੀ-ਨਾਇਲ ਕੋਡ-377 ਕਹਿੰਦਾ ਸੀ। ਆਪਣੀ ਇਸੇ ਸਿਰਲੇਖ ਦੀ ਕਵਿਤਾ ਵਿਚ ਉਹ ਆਖਦਾ ਹੈ-

ਕਦੋਂ ਤਕ ਤੁਸੀਂ
ਮੈਨੂੰ ਕੈਦ ਰਖੋਗੇ।
ਮੈਂ ਇਕ ਦਿਨ-
ਬਾਹਰ ਆ ਜਾਵਾਂਗਾ
ਤੁਹਾਨੂੰ ਭੂਤ ਬਣ ਕੇ ਡਰਾਵਾਂਗਾ
ਤੁਹਾਨੂੰ ਸਭ ਨੂੰ ਖਾ ਜਾਵਾਗਾਂ

ਤੁਸੀਂ ਮੈਨੂੰ 
ਕਤਲ ਵੀ ਕਰ ਦਿਉਗੇ
ਤਾਂ ਮੈਂ ਫਿਰ-
ਤੁਹਾਡੇ ਜਿਸਮ ‘’ਚੋਂ
ਪੈਦਾ ਹੋ ਜਾਵਾਂਗਾ

ਮੈ ਤਾਂ-
ਉਹ ਭੁੱਖ ਹਾਂ
ਜੋ ਆਦਮੀ ਨੂੰ
ਆਦਮਖੋਰੀ ’ਤੇ
ਮਜਬੂਰ ਕਰ ਦਿੰਦੀ ਹੈ

ਸਰਕਾਰਾਂ ਕਿਉਂ ਨਹੀਂ ਕਾਨੂੰਨ ਬਣਨ ਦਿੰਦੀਆਂ?
ਕਿਉਂਕਿ ਜ਼ਿਆਦਾਤਰ ਧਰਮ ਸਮਲਿੰਗੀ ਰਿਸ਼ਤਿਆਂ ਦੇ ਵਿਰੋਧ ਵਿਚ ਹਨ ਅਤੇ ਧਰਮ ਨਾ ਸਿਰਫ਼ ਭਾਰਤ ਵਿਚ ਬਲਕਿ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਵਿਚ ਸਿਆਸੀ ਗੋਲਬੰਦੀ ਅਤੇ ਵੋਟ ਬੈਂਕ ਵੱਜੋਂ ਵਰਤਿਆ ਜਾਂਦਾ ਹੈ। ਇਸ ਲਈ ਕੋਈ ਵੀ ਸਿਆਸੀ ਪਾਰਟੀ ਆਪਣਾ ਵੋਟ ਬੈਂਕ ਖੁੱਸਣ ਦੇ ਡਰੋਂ ਇਹ ਕਾਨੂੰਨ ਨਹੀਂ ਦਿੰਦੀ। ਬਹੁਤ ਸਾਰੇ ਪੱਛਮੀ ਮੁਲਕਾਂ ਵਿਚ ਕਿਉਂਕਿ ਭਾਰੀ ਗਿਣਤੀ ਵਿਚ ਸਮਲਿੰਗੀ ਸੰਘਰਸ਼ ਦੇ ਰਾਹ ਪਏ ਅਤੇ ਵੱਡੀ ਗਿਣਤੀ ਵਿਚ ਉਨ੍ਹਾਂ ਨੇ ਆਪਣੀ ਸ਼ਨਾਖ਼ਤ ਦਰਜ ਕਰਵਾਈ ਤਾਂ ਇਨ੍ਹਾਂ ਦੇ ਵੱਡੇ ਵੋਟ ਬੈਂਕ ਨੂੰ ਦੇਖਦਿਆਂ ਕੁਝ ਦੇਸ਼ਾਂ ਦੀਆਂ ਸਰਕਾਰਾਂ ਨੇ ਇਨ੍ਹਾਂ ਨੂੰ ਮਾਨਤਾ ਦਿੱਤੀ। ਕਾਨੂੰਨੀ ਮਾਨਤਾਵਾਂ ਮਿਲਣ ਦੇ ਬਾਵਜੂਦ ਹਾਲੇ ਵੀ ਬਹੁਤ ਸਾਰੇ ਦੇਸ਼ਾਂ ਵਿਚ ਕਾਨੂੰਨੀ ਝਮੇਲਿਆਂ ਦੇ ਨਾਲ-ਨਾਲ ਸਾਮਾਜਿਕ ਮਾਨਤਾ ਤੋਂ ਸਮਲਿੰਗੀ ਵਿਰਵੇ ਹਨ।

ਪ੍ਰਭਾਵ
ਉੱਪਰ ਦੱਸੀਆਂ ਸਮੱਸਿਆਵਾਂ ਕਰਕੇ ਸਮਲਿੰਗੀਆਂ ਦੀ ਜ਼ਿੰਦਗੀ ਤੇ ਅਜਿਹੇ ਗੰਭੀਰ ਪ੍ਰਭਾਵ ਪੈਂਦੇ ਉਹ ਆਪਣੇ ਮਨੁੱਖੀ ਅਧਿਕਾਰਾਂ ਤੋਂ ਹੀ ਵਾਂਝੇ ਰਹਿ ਜਾਂਦੇ ਹਨ। ਸਾਮਾਜਿਕ ਪਾਬੰਦੀਆਂ ਅਧੀਨ ਆਪਣੀ ਪਛਾਣ ਜ਼ਾਹਿਰ ਨਾ ਕਰਨ ਕਰਕੇ ਉਨ੍ਹਾਂ ਨੂੰ ਲਗਭਗ ਆਪਣੀ ਪੂਰੀ ਉਮਰ ਦੋਹਰੀ ਜ਼ਿੰਦਗੀ ਗੁਜ਼ਾਰ ਕੇ ਬਿਤਾਉਂਣੀ ਪੈਂਦੀ ਹੈ। ਬਹੁਤ ਵਾਰ ਮਜਬੂਰ ਹੋ ਕੇ ਉਨ੍ਹਾਂ ਨੂੰ ਵਿਪਰੀਤ-ਜਿਨਸੀ ਰਿਸ਼ਤਾ ਜਾਂ ਵਿਆਹ ਕਰਵਾਉਣਾ ਪੈਂਦਾ ਹੈ। ਇਸ ਨਾਲ ਦੋ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਹਨ। ਜੇ ਉਹ ਵਿਆਹ ਨਹੀਂ ਕਰਵਾਉਂਦੇ ਤਾਂ ਹਮਜਿਨਸੀ ਰਿਸ਼ਤਿਆਂ ਨੂੰ ਪਰਵਾਰਿਕ ਪਰਵਾਨਗੀ ਨਾ ਹੋਣ ਕਰਕੇ ਉਨ੍ਹਾਂ ਨੂੰ ਆਪਣੇ ਹੀ ਪਰਿਵਾਰ ਅੰਦਰ ਬੇਗਾਨਗੀ ਦਾ ਸੱਲ ਝੱਲਣਾ ਪੈਂਦਾ ਹੈ ਜਾਂ ਫਿਰ ਪਰਿਵਾਰ ਤੋਂ ਹੀ ਅਲੱਗ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਨਾਲ ਮਾਨਸਿਕ ਧੱਕਾ ਤਾਂ ਲੱਗਦਾ ਹੈ, ਅਕਸਰ ਪਰਿਵਾਰਕ ਜਾਇਦਾਦ ਵਿਚਲਾ ਜਾਇਜ਼ ਹੱਕ ਵੀ ਗੁਆਉਣਾ ਪੈਂਦਾ ਹੈ। ਧਾਰਮਿਕ ਪਾਬੰਦੀਆਂ ਨਾਲ ਉਹ ਇਕ ਤਰ੍ਹਾਂ ਆਪਣੀ ਧਾਰਮਿਕ ਬਿਰਾਦਰੀ ਵਿਚੋਂ ਵੀ ਛੇਕੇ ਜਾਂਦੇ ਹਨ। ਪਰਿਵਾਰਕ ਇਕਲਾਪੇ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਵਿਸਤ੍ਰਿਤ ਪਰਿਵਾਰ ਵਿਚ ਵੀ ਕੋਈ ਸ਼ਰਨ ਨਹੀਂ ਮਿਲਦੀ ਬਲਕਿ ਕੱਟੜ ਅਤੇ ਹਿੰਸਕ ਪ੍ਰਤਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰਤ ਵਰਗੇ ਦੇਸ਼ ਵਿਚ ਕਾਨੂੰਨੀ ਮਾਨਤਾ ਨਾ ਹੋਣ ਕਰਕੇ ਉਹ ਪਰਿਵਾਰ ਅਤੇ ਬਿਰਾਦਰੀ ਤੋਂ ਬਾਹਰ ਰਹਿ ਕੇ ਵੀ ਆਪਣਾ ਹਮਜਿਨਸੀ ਰਿਸ਼ਤਾ ਨਹੀਂ ਨਿਭਾ ਸਕਦੇ। ਅਕਸਰ ਉਨ੍ਹਾਂ ਨੂੰ ਆਲੇ-ਦੁਆਲੇ ਰਹਿੰਦੇ ਬਹੁਗਿਣਤੀ ਵਿਪਰੀਤ-ਲਿੰਗੀ ਸਮਾਜ ਦੇ ਵਿਤਕਰੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਕਈ ਵਾਰ ਅਜਿਹੇ ਦਵੰਦ ਵਿਚੋਂ ਕਾਨੂੰਨੀ ਮਾਮਲਿਆਂ ਵਿਚ ਉਲਝਣ ਤੱਕ ਦੀ ਨੌਬਤ ਆ ਜਾਂਦੀ ਹੈ। ਦੇਸ਼ ਵਿਚ ਵੱਖ-ਵੱਖ ਧਰਮਾਂ ਲਈ ਆਪੋ-ਆਪਣੇ ਵਿਆਹ ਕਾਨੂੰਨ ਹਨ, ਦੁਨੀਆਂ ਦੇ ਲਗਭਗ ਹਰ ਮੁਲਕ ਵਿਚ ਅਜਿਹੇ ਕਾਨੂੰਨ ਹਨ, ਪਰ 21 ਦੇਸ਼ਾਂ ਨੂੰ ਛੱਡ ਕੇ ਬਾਕੀ ਮੁਲਕਾਂ ਵਿਚ ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਵਾਲੇ ਕਾਨੂੰਨੀ ਦੀ ਗ਼ੈਰ-ਮੌਜੂਦਗੀ ਕਰਕੇ ਉਹ ਦੂਸਰੇ ਨਾਗਰਿਕਾਂ ਵਾਂਗ ਵਿਆਹ ਨਹੀਂ ਕਰ ਸਕਦੇ। ਨਾ ਹੀ ਉਹ ਵਿਆਹ ਰਾਹੀਂ ਬਣਨ ਵਾਲੇ ਰਿਸ਼ਤੇ ਦਾ ਬਾਕੀ ਲਾਭ ਹਾਸਲ ਕਰ ਸਕਦੇ ਹਨ, ਜਿਸ ਵਿਚ ਪਰਿਵਾਰਕ ਮੈਡੀਕਲ ਸਹਾਇਤਾ, ਸਾਂਝੇ ਪਰਿਵਾਰ ਵਾਲੀਆਂ ਬੀਮਾਂ ਯੋਜਨਾਵਾਂ, ਸਾਮਾਜਿਕ ਸੁਰੱਖਿਆ ਅਧੀਨ ਮਿਲਣ ਵਾਲੇ ਫ਼ਾਇਦੇ, ਸਾਥੀ ਦੀ ਮੌਤ ਪਿੱਛੋਂ ਉਸਦੀ ਜਾਇਦਾਦ ਦਾ ਹੱਕ, ਉਸ ਦੀ ਥਾਂ ਮਿਲਣ ਵਾਲੇ ਨੌਕਰੀ ਦੇ ਅਧਿਕਾਰ ਜਾਂ ਪੈਨਸ਼ਨ ਦਾ ਅਧਿਕਾਰ ਸਮੇਤ ਅਨੇਕਾ ਸਾਮਾਜਿਕ ਅਤੇ ਆਰਥਿਕ ਫਾਇਦੇ ਹਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਵਾਂਝੇ ਰਹਿਣਾ ਪੈਂਦਾ ਹੈ।ਇੱਥੋਂ ਤੱਕ ਕਿ ਦੋ ਹਮਜਿਨਸੀਆਂ ਦੇ ਆਪਸੀ ਝਗੜੇ ਅਤੇ ਜਾਇਦਾਦ ਸੰਬੰਧੀ ਵਿਵਾਦਾਂ ਵਿਚ ਵੀ ਕਾਨੂੰਨ ਉਨ੍ਹਾਂ ਦੀ ਕੋਈ ਮਦਦ ਨਹੀਂ ਕਰਦਾ, ਬਲਕਿ ਜੇ ਉਹ ਅਜਿਹਾ ਕੋਈ ਮਾਮਲਾ ਪੁਲਸ ਕੋਲ ਲਿਜਾਉਣ ਵੀ ਤਾਂ ਉਨ੍ਹਾਂ ਨੂੰ ਪੁਲਸ ਦੇ ਤਸ਼ੱਦਦ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਣੀ ਪਛਾਣ ਗੇਅ ਦੇ ਰੂਪ ਵਿਚ ਜ਼ਾਹਿਰ ਕਰਨ ’ਤੇ ਰੁਜ਼ਗਾਰ ਦੇ ਮਾਮਲੇ ਵਿਚ ਵੀ ਉਨ੍ਹਾਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਸੀਰਾਸ ਦਾ ਮਾਮਲਾ ਇਸ ਦੀ ਸੱਭ ਤੋਂ ਵੱਡੀ ਉਦਾਹਰਣ ਹੈ। 

ਕੁਝ ਸੁਝਾਅ
ਇੱਥੇ ਹਾਲ ਹੀ ਵਿਚ ਰਿਲੀਜ਼ ਹੋਈ ਫ਼ਿਲਮ ਅਲੀਗੜ੍ਹ ਵਿਚ ਪ੍ਰੋਫ਼ੈਸਰ ਸੀਰਾਸ ਦੇ ਇਸ ਸੰਵਾਦ ਦਾ ਹਵਾਲਾ ਦੇਣਾ ਵਾਜਬ ਹੋਵੇਗਾ ਜਿਸ ਵਿਚ ਉਹ ਕਹਿੰਦੇ ਹਨ ‘ਮੈਨੂੰ ਗੇਅ ਸ਼ਬਦ ਤੋਂ ਇਤਰਾਜ਼ ਹੈ। ਮੈਂ ਵੀ ਆਮ ਮਨੁੱਖਾਂ ਵਰਗਾਂ ਮਨੁੱਖ ਹਾਂ। ਮੈਨੂੰ ਉਸੇ ਨਜ਼ਰੀਏ ਨਾਲ ਦੇਖਿਆ ਜਾਵੇ।’ ਇਸ ਸੰਵਾਦ ਦੀ ਰੌਸ਼ਨੀ ਵਿਚ ਕੁਝ ਸੁਝਾਅ ਦਿੱਤੇ ਜਾ ਰਹੇ ਹਨ-

1. ਵੱਖਰੀ ਕਾਮ ਤਰਜੀਹ ਨੂੰ ਮਨੁੱਖੀ ਅਧਿਕਾਰ ਦੇ ਰੂਪ ਵਿਚ ਸਾਮਾਜਿਕ, ਸੰਸਥਾਗਤ ਅਤੇ ਕਾਨੂੰਨੀ ਤੌਰ ’ਤੇ ਪ੍ਰਵਾਨ ਕੀਤਾ ਜਾਵੇ ਅਤੇ ਇਸ ਨਾਲ ਸਬੰਧਿਤ ਵਿਵਾਦਾਂ ਦੇ ਮਾਮਲਿਆਂ ਨੂੰ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਅਨੁਸਾਰ ਵਾਚਿਆ ਜਾਵੇ।
2. ਭਾਰਤ ਵਿਚ ਧਾਰਾ 377 ਅਤੇ ਬਾਕੀ ਮੁਲਕਾਂ ਵਿਚ ਇਸ ਨਾਮ ਮਿਲਦੇ-ਜੁਲਦੇ ਕਾਨੂੰਨਾਂ ਵਿਚ ਸੋਧ ਕਰਕੇ ਸਹਿਮਤੀ ਨਾਲ ਸਥਾਪਿਤ ਕੀਤੇ ਜਾਂਦੇ ਹਮਜਿਨਸੀ ਸਬੰਧਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ।
3. ਮੌਜੂਦਾਂ ਵਿਆਹ ਕਾਨੂੰਨਾਂ ਵਾਂਗ ਹੀ ਹਮਜਿਨਸੀ ਵਿਆਹ ਕਾਨੂੰਨ ਬਣਾਇਆ ਜਾਵੇ ਜਿਸ ਵਿਚ ਵਿਆਹ ਸਬੰਧਾਂ ਨਾਲ ਜੁੜੇ ਹਰੇਕ ਪਹਿਲੂ, ਵਿਵਾਦਾਂ, ਜੋੜੇ ਦੀ ਸਾਂਝੀ ਜਾਇਦਾਦ ਦੀ ਵੰਡ ਆਦਿ ਬਾਰੇ ਸਪੱਸ਼ਟ ਕਾਨੂੰਨ ਨਿਰਧਾਰਿਤ ਕੀਤੇ ਜਾਣ।
4. ਸਮਾਜ ਵਿਚ ਸਮਲਿੰਗੀਆਂ ਬਾਰੇ ਜਨਤੱਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇ, ਜਿਸ ਰਾਹੀਂ ਮਾਪਿਆਂ ਅਤੇ ਨੌਜਵਾਨਾਂ ਨੂੰ ਇਸ ਬਾਰੇ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਜਾਣਕਾਰੀ ਦਿੱਤੀ ਜਾਵੇ ਅਤੇ ਉਨ੍ਹਾਂ ਅੰਦਰ ਵੱਖਰੀਆਂ ਕਾਮ ਤਰਜੀਹਾਂ ਵਾਲੇ ਨਾਗਰਿਕਾਂ ਪ੍ਰਤੀ ਸਹਿਚਾਰ ਅਤੇ ਮਾਨਵਵਾਦੀ ਦ੍ਰਿਸ਼ਟੀ ਪੈਦਾ ਕੀਤੀ ਜਾਵੇ।

ਸਮਾਜ ਵਿਚ ਆਪਣੇ ਪ੍ਰਤੀ ਮਾਨਵਵਾਦੀ ਦ੍ਰਿਸ਼ਦੀ ਦੀ ਅਣਹੋਂਦ ਕਰਕੇ ਇਕ ਹਮਜਿਨਸੀ ਇਸ ਧਰਤੀ, ਇਸ ਸਮਾਜ, ਇਸ ਆਜ਼ਾਦ ਫ਼ਿਜ਼ਾ ਵਿਚ ਆ ਕੇ ਵੀ ਹਯਾਤੀ ਦਾ ਇਕ ਐਸਾ ਸਫ਼ਰ ਕਰਦਾ ਹੈ, ਜਿਸ ਵਿਚ ਉਹ ਹੁੰਦੇ ਹੋਏ ਵੀ ਮੌਜੂਦ ਨਹੀਂ ਹੁੰਦਾ। ਇਸ ਬਾਰੇ ਇਫ਼ਤੀ ਦੇ ਖ਼ੂਬਸੂਰਤ ਸ਼ਿਅਰ ਨਾਲ ਇਸ ਚਰਚਾ ਦਾ ਅੰਤ ਕਰਾਂਗਾ ਕਿ-

ਮਿਲੇ ਮਕਾਂ ਨਾ ਸਫ਼ਰ ਮੇਂ ਕੋਈ ਮਕੀਂ ਦੇਖਾ।
ਜਹਾਂ ਪੇ ਛੋੜ ਗਏ ਥੇ ਉਸੇ ਵਹੀਂ ਦੇਖਾ।
ਕਟੀ ਹੈ ਉਮਰ ਕਿਸੀ ਆਬਦੋਜ਼ ਕਸ਼ਤੀ ਮੇਂ,
ਸਫ਼ਰ ਤਮਾਮ ਹੁਆ ਔਰ ਕੁਝ ਨਹੀਂ ਦੇਖਾ।
-ਦੀਪ ਜਗਦੀਪ ਸਿੰਘ
To download in PDF Click Here
********
ਹਵਾਲੇ
  1. Sigmund Freud, On Sexuality
  2. Mary Ann Lamanna, Agnes Riedmann, Susan D Stewart (2014). Marriages, Families, and Relationships: Making Choices in a Diverse Society. Cengage Learning. p. 82. ISBN 1305176898.
  3. "Submission to the Church of England's Listening Exercise on Human Sexuality". The Royal College of Psychiatrists. Retrieved 13 June 2013.
  4. "Sexual orientation, homosexuality and bisexuality". American Psychological Association. Archived from the original on August 8, 2013. Retrieved August 10, 2013.
  5. Gay Marriage- (http://time.com/3937766/us-supreme-court-countries-same-sex-gay-marriage-legal/)
  6. Patiala TV (http://patialatv.blogspot.in/2016/02/sgpc.html)
  7. Tin Chehreyan Wala Rakkaas (Gurmukhi), Iftikhar Nasim, Kuknoos Parkashan, Jalandhar (2001) 
  8. Shabri (Gurmukhi), Iftikhar Nasim, Kuknoos Parkashan, Jalandhar (2004)

ਕਹਾਣੀ । ਉਡਾਣ | Short Story | Udaan

punjabi short story udaan by deeep jagdeep singh
Punjabi Short Story Udaan by Deep Jagdeep Singh/ਪੰਜਾਬੀ ਕਹਾਣੀ ਉਡਾਣ -ਦੀਪ ਜਗਦੀਪ ਸਿੰਘ
ਅੱਜ ਸਵੇਰੇ ਅੱਖ ਖੁੱਲ੍ਹੀ ਤਾਂ ਮੈਂ ਆਸਮਾਨ ਵਿਚ ਪੁੱਠਾ ਲਟਕਿਆ ਹੋਇਆ ਸਾਂ। ਹੇਠਾਂ ਦੂਰ-ਦੂਰ ਤੱਕ ਸਮੁੰਦਰ, ਕਿਤੇ ਵੀ ਸੁੱਕੀ ਧਰਤੀ ਨਜ਼ਰ ਨਹੀਂ ਸੀ ਆ ਰਹੀ। ਆਪਣੇ ਸਿਰ ਦੇ ਹੇਠਾਂ ਨਜ਼ਰ ਮਾਰੀ ਤਾਂ ਦੋ ਟਾਪੂ ਦਿਸੇ, ਜਿਨ੍ਹਾਂ ਦੇ ਵਿਚਕਾਰ ਮੈਂ ਲਟਕਿਆਂ ਹੋਇਆ ਸਾਂ। ਮੇਰੇ ਪੈਰਾਂ ਨੂੰ ਜਿਸ ਵੀ ਚੀਜ਼ ਨੇ ਜਕੜਿਆ ਹੋਇਆ ਸੀ, ਉਹ ਮੈਨੂੰ ਹੌਲੀ-ਹੌਲੀ ਖਿਸਕਦੀ ਮਹਿਸੂਸ ਹੋ ਰਹੀ ਸੀ। ਇੰਝ ਲੱਗ ਰਿਹਾ ਸੀ ਕਿ ਮੈਂ ਕਿਸੇ ਵੀ ਪਲ ਹੇਠਾਂ ਡੂੰਘੇ ਸਮੁੰਦਰ ਵਿਚ ਡੁੱਬ ਮਰਨਾ ਹੈ। ਸਮਝ ਨਹੀਂ ਸੀ ਆ ਰਹੀ ਕਿ ਇਹ ਮੇਰੇ ਨਾਲ ਹੋ ਕੀ ਰਿਹਾ ਹੈ। ਉਦੋਂ ਹੀ ਇਕ ਆਕਾਸ਼ਵਾਣੀ ਹੋਈ।

“ਧਰਤੀ ਖ਼ਤਮ ਹੋ ਚੁੱਕੀ ਹੈ। ਸਿਰਫ ਇਹ ਦੋ ਟਾਪੂ ਬਚੇ ਨੇ। ਦੁਨੀਆਂ ਦੇ ਬਚੇ ਹੋਏ ਲੋਕਾਂ ਨੂੰ ਇਨ੍ਹਾਂ ਵਿਚ ਵੰਡ ਕੇ ਵਸਾ ਦਿੱਤਾ ਗਿਆ ਹੈ। ਸੱਜੇ ਪਾਸੇ ਵਾਲੇ ਟਾਪੂ ਵਿਚ ਉਨ੍ਹਾਂ ਲੋਕਾਂ ਨੂੰ ਰੱਖਿਆ ਗਿਆ ਹੈ, ਦੂਜਿਆਂ ਬਾਰੇਫੈਸਲੇ ਸੁਣਾਉਣਾ ਹੀ ਜਿਨ੍ਹਾਂ ਦਾ ਸੁਭਾਅ ਹੈ। ਸਦੀਆਂ ਤੋਂ ਇਹੀ ਉਨ੍ਹਾਂ ਦੀ ਪਰੰਪਰਾ ਹੈ। ਇੱਥੇ ਉਹੀ ਫੈਸਲਾ ਕਰਨਗੇ ਕਿ ਤੁਸੀਂ ਕੌਣ ਹੋ? ਕੀ ਹੋ? ਕਿਉਂ ਹੋ? ਕੀ ਸੋਚ ਸਕਦੇ ਹੋ? ਤੁਹਾਡੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ? ਤੁਹਾਨੂੰ ਕਿਵੇਂ ਅਤੇ ਕਿੱਥੇ ਰੱਖਿਆ ਜਾਣਾ ਹੈ? ਤੁਸੀਂ ਕਿਵੇਂ ਵਿਚਰਨਾ ਹੈ? ਹਰ ਇਕ ਚੀਜ਼ ਦਾ ਫੈਸਲਾ ਉਹੀ ਲੋਕ ਕਰਨਗੇ। ਤੁਸੀਂ ਕੁਝ ਨਹੀਂ ਕਹਿ ਸਕਦੇ। ਕੁਝ ਨਹੀਂ ਕਰ ਸਕਦੇ। ਜੋ ਉਨ੍ਹਾਂ ਦਾ ਫੈਸਲਾ ਹੋਵੇਗਾ, ਉਹੀ ਪਰਮ ਸੱਤ ਹੋਵੇਗਾ। ਜੋ ਉਨ੍ਹਾਂ ਦੀ ਹਰ ਗੱਲ ’ਤੇ ਫੁੱਲ ਚੜ੍ਹਾਉਂਦਾ ਰਹੇ, ਉਨ੍ਹਾਂ ਦੀ ਪਰੰਪਰਾ ਅਨੁਸਾਰ ਚੱਲਦਾ ਰਹੇ ਤਾਂ ਉਹ ਤੁਹਾਨੂੰ ਸਤਿਕਾਰ ਵੀ ਦੇਣਗੇ ਅਤੇ ਪਿਆਰ ਵੀ ਕਰਨਗੇ। ਜੇ ਕਦੇ ਕਿਸੇ ਨੇ ਉਨ੍ਹਾਂ ’ਤੇ ਕੋਈ ਸਵਾਲ ਚੁੱਕਿਆ, ਟੋਕਿਆ ਜਾਂ ਉਨ੍ਹਾਂ ਦਾ ਹੁਕਮ ਮੰਨਣ ਤੋਂ ਇਨਕਾਰ ਕੀਤਾ ਤਾਂ ਉਹ ਚੁੱਕ ਕੇ ਸਮੁੰਦਰ ਵਿਚ ਸੁੱਟ ਦੇਣਗੇ। ਇਹ ਸਭ ਕੁਝ ਉਨ੍ਹਾਂ ਦੇ ਨਿਯਮਾਂ ਦੀ ਇਕ ਕਿਤਾਬ ਵਿਚ ਦਰਜ ਹੈ, ਜਿਸ ਨੂੰ ਕੋਈ ਨਹੀਂ ਬਦਲ ਸਕਦਾ। ਉਹ ਆਪ ਵੀ ਨਹੀਂ। ਨਾ ਹੀ ਉਹ ਉਨ੍ਹਾਂ ਨਿਯਮਾਂ ਤੋਂ ਇੱਧਰ-ਉੱਧਰ ਉੱਨੀ-ਇੱਕੀ ਹੁੰਦੇ ਨੇ।”


ਮੈਂ ਬੁਰੀ ਤਰ੍ਹਾਂ ਡਰ ਗਿਆ। ਮੇਰਾ ਗਲਾ ਸੁੱਕ ਰਿਹਾ ਸੀ। ਪੈਰਾਂ ਵਿਚ ਦਰਦ ਹੋ ਰਿਹਾ ਸੀ। ਪੈਰਾਂ ਨੂੰ ਫੜਨ ਵਾਲੀ ਜਕੜ ਢਿੱਲੀ ਹੋ ਕੇ ਖਿਸਕ ਰਹੀ ਸੀ। ਪੂਰੇ ਸ਼ਰੀਰ ਦਾ ਖ਼ੂਨ ਸਿਰ ਵਿਚ ਇਕੱਠਾ ਹੋ ਰਿਹਾ ਸੀ। ਇੰਝ ਲੱਗ ਰਿਹਾ ਸੀ ਕਿ ਦਿਮਾਗ਼ ਦੀਆਂ ਨਾੜਾਂ ਹੁਣੇ ਫੱਟ ਜਾਣਗੀਆਂ। ਆਕਾਸ਼ਵਾਣੀ ਜਾਰੀ ਸੀ।

“ਜਿਹੜਾ ਟਾਪੂ ਤੇਰੇ ਖੱਬੇ ਪਾਸੇ ਹੈ, ਉੱਥੇ ਉਨ੍ਹਾਂ ਲੋਕਾਂ ਨੂੰ ਰੱਖਿਆ ਗਿਆ ਹੈ, ਜੋ ਅੰਦਰੋਂ ਅੰਦਰੀਂ ਸਭ ਨੂੰ ਨਫ਼ਰਤ ਕਰਦੇ ਨੇ, ਪਰ ਉਹ ਕਦੇ ਕਿਸੇ ਨੂੰ ਕੁਝ ਨਹੀਂ ਕਹਿੰਦੇ। ਹਮੇਸ਼ਾ ਮੁਸਕਰਾਉਂਦੇ ਰਹਿੰਦੇ ਨੇ। ਤੁਸੀਂ ਜੋ ਮਰਜ਼ੀ ਕਰੋ, ਮਸਤ ਰਹੋ। ਤੁਹਾਨੂੰ ਕੋਈ ਰੋਕਦਾ, ਟੋਕਦਾ ਨਹੀਂ। ਤੁਹਾਡੇ ਮੂੰਹ ’ਤੇ ਤੁਹਾਡੀ ਕੋਈ ਬੁਰਾਈ ਨਹੀਂ ਕਰਦਾ। ਤੁਸੀਂ ਇੱਥੇ ਮੌਜ ਨਾਲ ਰਹੋ, ਉਨ੍ਹਾਂ ਨੂੰ ਕੋਈ ਸਰੋਕਾਰ ਨਹੀਂ ਕਿ ਤੁਸੀਂ ਕਿੱਥੇ ਹੋ, ਕੀ ਕਰ ਰਹੇ ਹੋ। ਤੁਸੀਂ ਉਨ੍ਹਾਂ ਦੀ ਭੀੜ ਵਿਚ ਰਹਿ ਕੇ ਵੀ ਇਕੱਲੇ ਰਹੋਗੇ। ਸਤਿਕਾਰ ਜਾਂ ਪਿਆਰ ਤਾਂ ਦੂਰ ਦੀ ਗੱਲ ਉਹ ਤੁਹਾਡੇ ਨਾਲ ਗੱਲ ਵੀ ਨਹੀਂ ਕਰਨਗੇ।”

ਮੇਰੇ ਚਿੱਤ ਨੂੰ ਥੋੜ੍ਹਾ ਜਿਹਾ ਟਿਕਾਅ ਆਇਆ। ਮੈਂ ਸੋਚਿਆ ਕਠਪੁਤਲੀ ਬਣ ਕੇ ਜਿਉਂਣ ਨਾਲੋਂ ਤਾਂ ਇਕਲਾਪੇ ਦੀ ਜ਼ਿੰਦਗੀ ਜਿਉਂਣਾ ਜ਼ਿਆਦਾ ਠੀਕ ਹੈ। ਮੈਂ ਹਾਲੇ ਸੋਚ ਹੀ ਰਿਹਾ ਸਾਂ ਕਿ ਮੈਨੂੰ ਜਕੜਣ ਵਾਲੀ ਚੀਜ਼ ਨੇ ਜ਼ੋਰਦਾਰ ਝਟਕਾ ਖਾਧਾ ਅਤੇ ਮੈਨੂੰ ਮੇਰੇ ਮਨ ਚਿਤਵੇ ਟਾਪੂ ਵੱਲ ਲੈ ਗਈ। ਪਤਾ ਨਹੀਂ ਉਸ ਨੂੰ ਮੇਰੇ ਜ਼ਹਿਨ ਵਿਚ ਚੱਲ ਰਹੇ ਵਿਚਾਰਾਂ ਦਾ ਪਤਾ ਕਿਵੇਂ ਲੱਗ ਗਿਆ। ਹਾਲੇ ਮੈਂ ਸੋਚ ਹੀ ਰਿਹਾ ਸੀ ਕਿ ਜਕੜ ਨੇ ਮੈਨੂੰ ਆਜ਼ਾਦ ਕਰ ਦਿੱਤਾ। ਮੈਂ ਤੇਜ਼ੀ ਨਾਲ ਆਸਮਾਨ ਤੋਂ ਉਸ ਇਕਲਾਪੇ ਵਾਲੇ ਟਾਪੂ ਵੱਲ ਡਿੱਗ ਰਿਹਾ ਸਾਂ। ਆਕਾਸ਼ਵਾਣੀ ਫਿਰ ਹੋਈ।

“ਤੂੰ ਆਪਣਾ ਫੈਸਲਾ ਕਰ ਲਿਆ। ਇਕ ਗੱਲ ਚੇਤੇ ਰੱਖੀਂ ਇਹ ਫੈਸਲਾ ਕਦੇ ਬਦਲਿਆ ਨਹੀਂ ਜਾ ਸਕਦਾ। ਜਿਉਂ ਹੀ ਤੇਰੇ ਪੈਰ ਇਸ ਟਾਪੂ ਨੂੰ ਛੋਹਣਗੇ। ਦੂਜਾ ਟਾਪੂ ਆਪਣੇ ਆਪ ਸਮੁੰਦਰ ਵਿਚ ਅਲੋਪ ਹੋ ਜਾਵੇਗਾ। ਬਾਕੀ ਦੀ ਸਾਰੀ ਜ਼ਿੰਦਗੀ ਇਸੇ ਟਾਪੂ ’ਤੇ ਕੱਟਣੀ ਹੋਵੇਗੀ।”


ਆਕਾਸ਼ਵਾਣੀ ਮੁਕਦਿਆਂ ਹੀ ਮੈਂ ਧੜਾਮ ਕਰਕੇ ਇਕਲਾਪੇ ਦੇ ਟਾਪੂ ’ਤੇ ਡਿੱਗ ਪਿਆ। ਜਿਉਂ ਹੀ ਮੈਂ ਆਪਣੇ ਪੈਰਾਂ ’ਤੇ ਖੜ੍ਹਾ ਹੋਇਆ, ਮੇਰੇ ਦੇਖਦਿਆਂ ਹੀ ਦੇਖਦਿਆਂ ਸਾਹਮਣੇ ਵਾਲਾ ਟਾਪੂ ਪਾਣੀ ਵਿਚ ਖ਼ੁਰ ਗਿਆ। ਉੱਥੇ ਰਹਿੰਦੇ ਲੋਕਾਂ ਦਾ ਕੀ ਬਣਿਆ ਮੈਨੂੰ ਪਤਾ ਨਹੀਂ ਲੱਗਿਆ। ਮੈਂ ਚਾਰੇ ਪਾਸੇ ਨਜ਼ਰ ਘੁਮਾਈ, ਦੂਰ-ਦੂਰ ਤੱਕ ਮੈਨੂੰ ਕੋਈ ਨਜ਼ਰ ਨਾ ਆਇਆ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਹੁਣ ਮੈਂ ਕੀ ਕਰਾਂ। ਮੈਂ ਟਾਪੂ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਚੱਕਰ ਲਾ ਕੇ ਸਭ ਕੁਝ ਦੇਖਣ ਦਾ ਫੈਸਲਾ ਕੀਤਾ।
ਦਿਨ ਚੜ੍ਹ ਆਇਆ। ਸੂਰਜ ਸਿਰ ’ਤੇ ਆ ਗਿਆ। ਦੋਹੀਂ ਪਾਸੀਂ ਖੜੇ ਛਾਂ-ਦਾਰ ਰੁੱਖਾਂ ’ਚੋਂ ਲੰਘਦੀ ਹਵਾ ਪਿੰਡੇ ਨੂੰ ਠਾਰ ਕੇ ਅਗਾਂਹ ਲੰਘ ਜਾਂਦੀ। ਇਹ ਹਵਾ ਜਦੋਂ ਨੱਕ ਵਿਚ ਦਾਖਲ ਹੋਈ ਤਾਂ ਸੈਂਕੜਾਂ ਫੁੱਲਾਂ ਦੀ ਸੁਗੰਧੀ ਸਾਹਾਂ ਵਿਚ ਘੁਲ਼ ਗਈ। ਰੁੱਖਾਂ ਦੀਆਂ ਟਾਹਣੀਆਂ ਉੱਪਰ ਨੂੰ ਜਾ ਕੇ ਆਪਸ ਵਿਚ ਇੰਝ ਮਿਲ ਰਹੀਆਂ ਸਨ, ਜਿਵੇਂ ਚਿਰਾਂ ਤੋਂ ਵਿੱਛੜੇ ਪ੍ਰੇਮੀ ਇਕ ਦੂਜੇ ਨੂੰ ਧਾਹ ਕੇ ਮਿਲੇ ਹੋਣ। ਇਕ ਦੂਜੇ ਨਾਲ ਲਿਪਟ ਗਏ ਹੋਣ। ਆਹਮੋ-ਸਾਹਮਣੇ ਦੇ ਰੁੱਖਾਂ ਦੀਆਂ ਲਿਪਟੀਆਂ ਹੋਈਆਂ ਟਹਿਣੀਆਂ ਦੀਆਂ ਛੱਤਰੀਆਂ ਬਣ ਗਈਆਂ ਸਨ। ਹਾਲੇ ਪਿੰਡਾ ਠੰਢੀ ਛਾਂ ਅਤੇ ਸਾਹ ਫੁੱਲਾਂ ਦੀ ਖ਼ੁਸ਼ਬੂ ਵਿਚ ਨਹਾ ਹੀ ਰਹੇ ਸਨ ਕਿ ਮੈਨੂੰ ਆਪਣੇ ਪੈਰ ਭਾਰੇ-ਭਾਰੇ ਜਾਪਣ ਲੱਗੇ। ਸ਼ਰੀਰ ਨਿਢਾਲ ਜਿਹਾ ਮਹਿਸੂਸ ਹੋਣ ਲੱਗਾ। ਰਮਣੀਕ ਮਾਹੌਲ ਦਾ ਆਨੰਦ ਮਾਣਦਿਆਂ ਕੁਝ ਪਲਾਂ ਲਈ ਭੁੱਖ ਵਿੱਸਰ ਹੀ ਗਈ ਸੀ, ਪਰ ਹੁਣ ਉਸ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਛਾਂਦਾਰ ਰੁੱਖਾਂ ਦੇ ਪਰਲੇ ਪਾਸੇ ਫਲਾਂ ਦੇ ਬਾਗ਼ ਨਜ਼ਰ ਆਏ। ਦੂਰੋਂ ਹੀ ਫਲਾਂ ਦੇ ਲਾਲ, ਹਰੇ, ਪੀਲੇ ਅਤੇ ਸੰਤਰੀ ਰੰਗ ਦੇਖ ਕੇ ਭੁੱਖ ਹੋਰ ਵੀ ਚਮਕ ਗਈ। ਪੱਥਰਾਂ ਵਰਗੇ ਭਾਰੇ ਹੋ ਗਏ ਪੈਰਾਂ ਵਿਚ ਵੀ ਜਿਵੇਂ ਕਰੰਟ ਦੌੜ ਗਿਆ। ਇਕ ਪਲ ਬਾਅਦ ਹੀ ਮੈਂ ਉਸ ਬਾਗ਼ ਦੇ ਵਿਚਕਾਰ ਪਹੁੰਚ ਗਿਆ। ਹਰ ਫਲ ਆਪਣੇ ਵੱਲ ਖਿੱਚ ਰਿਹਾ ਸੀ। ਉਸ ਨੂੰ ਚੱਖ ਲੈਣ ਦਾ ਸੱਦਾ ਦੇ ਰਿਹਾ ਸੀ। ਮੇਰੇ ਹੱਥ ਬੇਮੁਹਾਰੇ ਹੋ ਕੇ ਅੱਡ-ਅੱਡ ਰੁੱਖਾਂ ਤੋਂ ਰੰਗ-ਬਿਰੰਗੇ ਫਲ ਤੋੜਨ ਲੱਗੇ। ਫਟਾਫਟ ਇਕ ਛੋਟੀ ਜਿਹੀ ਢੇਰੀ ਲੱਗ ਗਈ। ਢੇਰੀ ਦੇ ਸਾਹਮਣੇ ਬਹਿ ਕੇ ਮੈਂ ਫਲਾਂ ਨੂੰ ਇਕ ਡੂੰਘੀ ਨਜ਼ਰ ਨਾਲ ਤੱਕਿਆ। ਪਹਿਲਾਂ ਕਦੇ ਦੇਖੇ ਨਹੀਂ ਸਨ ਅਜਿਹੇ ਫਲ, ਅਜੀਬ ਜਿਹੇ ਆਕਾਰ ਦੇ ਫਲ। ਚੌਰਸ, ਤਿਕੋਣੇ, ਅੱਠਕੋਣੇ ਅਤੇ ਰੰਗ ਇੰਨੇ ਗੂੜ੍ਹੇ ਕਿ ਜਿਵੇਂ ਕੁਦਰਤ ਨੇ ਸਾਰੇ ਰੰਗ ਨਿਚੋੜ ਕੇ ਇਨ੍ਹਾਂ ਵਿਚ ਭਰ ਦਿੱਤੇ ਹੋਣ। ਮਨ ਵਿਚੋਂ ਆਵਾਜ਼ ਆਈ ਅੰਦਰੋਂ ਵੀ ਇੰਨੇ ਹੀ ਰਸੀਲੇ ਹੋਣਗੇ ਇਹ, ਖਾ ਲੈ। ਮੈਂ ਇਕ ਚੌਰਸ ਫਲ ਚੁੱਕਿਆ ਅਤੇ ਉਸ ਵਿਚ ਦੰਦ ਖੋਭ ਦਿੱਤੇ। ਬਹੁਤ ਹੀ ਨਰਮ ਅਤੇ ਗੁੱਦੇਦਾਰ ਫਲ ਸੀ। ਪਰ ਇਹ ਕੀ? ਨਾ ਕੋਈ ਸਵਾਦ, ਨਾ ਕੋਈ ਰਸ। ਅੱਧ-ਖਾਧੇ ਫਲ ਨੂੰ ਪਰਾਂ ਰੱਖਿਆ ਅਤੇ ਤਿਕੋਣਾ ਫਲ ਚੁੱਕਿਆ, ਬਹੁਤ ਹੀ ਕੂਲਾ। ਜਿਉਂ ਹੀ ਇਸ ਵਿਚ ਦੰਦ ਖੁੱਭਿਆ ਇਹ ਮੂੰਹ ਵਿਚ ਘੁਲ਼ ਗਿਆ, ਪਰ ਫਿਰ ਉਹੀ ਗੱਲ ਕੋਈ ਸਵਾਦ ਨਹੀਂ, ਕੋਈ ਰਸ ਨਹੀਂ। ਇਕ-ਇਕ ਕਰ ਕੇ ਮੈਂ ਦਰਜਨਾਂ ਫਲ ਖਾ ਲਏ, ਸਾਰਿਆਂ ਦੇ ਸੋਹਣੇ ਰੰਗਾਂ ਅਤੇ ਆਕਾਰਾਂ ਦੇ ਬਾਵਜੂਦ ਸਭ ਅੰਦਰੋਂ ਸਵਾਦਹੀਣ, ਰਸਹੀਣ, ਇੰਨਾ ਹੀ ਨਹੀਂ ਦਰਜਨ ਫਲ ਖਾਣ ਤੋਂ ਬਾਅਦ ਵੀ ਭੁੱਖ ਓਵੇਂ ਦੀ ਓਵੇਂ, ਕੋਈ ਤ੍ਰਿਪਤੀ ਨਹੀਂ। ਬਲਕਿ ਇੰਝ ਲੱਗ ਰਿਹਾ ਸੀ ਜਿਵੇਂ ਭੁੱਖ ਹੋਰ ਵੱਧ ਗਈ ਹੋਵੇ।

ਹਾਲੇ ਮੈਂ ਇਨ੍ਹਾਂ ਫਲਾਂ ਦੇ ਰਹੱਸ ਨੂੰ ਸਮਝ ਨਹੀਂ ਸੀ ਸਕਿਆ ਕਿ ਮੇਰੇ ਕੰਨਾਂ ਵਿਚ ਕਲ-ਕਲ ਵਗਦੇ ਪਾਣੀ ਦੀ ਆਵਾਜ਼ ਪਈ। ਇਹ ਆਵਾਜ਼ ਬਹੁਤ ਨੇੜਿਓਂ ਆਉਂਦੀ ਲੱਗ ਰਹੀ ਸੀ। ਮੇਰੇ ਕਦਮ ਆਪਣੇ ਆਪ ਆਵਾਜ਼ ਦੀ ਦਿਸ਼ਾ ਵੱਲ ਤੁਰ ਪਏ। ਸੰਘਣੇ ਰੁੱਖਾਂ ਵਿਚੋਂ ਤੇਜ਼ੀ ਨਾਲ ਤੁਰਦਿਆਂ ਮੇਰੇ ਕਦਮ ਮੈਨੂੰ ਉਸ ਥਾਂ ਲੈ ਆਏ ਜਿੱਥੇ ਪੱਥਰਾਂ ਦੀ ਇਕ ਘਾਟੀ ਸੀ। ਘਾਟੀ ਕਾਹਦੀ, ਇੰਝ ਲੱਗਦਾ ਸੀ ਜਿਵੇਂ ਕਿਸੇ ਜ਼ਹੀਨ ਕਲਾਕਾਰ ਨੇ ਸਹੀ ਆਕਾਰ ਦੇ ਪੱਥਰਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਬੜੀ ਖ਼ੂਬਸੂਰਤੀ ਨਾਲ ਇਕ ਕਤਾਰ ਵਿਚ ਅਤੇ ਫਿਰ ਇਕ ਦੂਜੇ ਦੇ ਉੱਤੇ ਚਿਣ ਦਿੱਤਾ ਹੋਵੇ। ਘਾਟੀ ਦੇ ਇਕ ਪਾਸੇ ਪੱਥਰਾਂ ਨੂੰ ਚੀਰ ਕੇ ਪਾਣੀ ਦੀ ਮੋਟੀ ਧਾਰ ਹੇਠਾਂ ਡਿੱਗ ਰਹੀ ਸੀ। ਇਕ ਦਮ ਪਾਣੀ ਨੂੰ ਵਹਿੰਦੇ ਦੇਖ ਕੇ ਕਿਸੇ ਖੂੰਜੇ ਵਿਚ ਸੁੱਤੀ ਪਈ ਪਿਆਸ ਜਾਗ ਪਈ। ਜ਼ਹਿਨ ਨਾਲੋਂ ਪਹਿਲਾਂ ਮੇਰੇ ਪੈਰਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ। ਪਤਾ ਵੀ ਨਾ ਲੱਗਿਆ ਕਦੋਂ ਮੇਰਾ ਪਿੰਡਾ ਝਰਨੇ ਦੀ ਧਾਰ ਦੇ ਹੇਠਾਂ ਪਹੁੰਚ ਗਿਆ। ਹੱਥ ਦਾ ਬੁੱਕ ਆਪ ਮੁਹਾਰੇ ਬੁੱਲ੍ਹਾਂ ਨਾਲ ਲੱਗ ਗਏ ਅਤੇ ਪਾਣੀ ਉਸ ਵਿਚ ਭਰ-ਭਰ ਕੇ ਮੇਰੇ ਅੰਦਰ ਜਾਣ ਲੱਗਾ। ਪਰ ਇਹ ਕੀ? ਇਹ ਕਿਸ ਤਰ੍ਹਾਂ ਦਾ ਪਾਣੀ ਹੈ, ਕੋਈ ਸਵਾਦ ਹੀ ਨਹੀਂ। ਜਿੰਨਾ ਮਰਜ਼ੀ ਪੀਵੀਂ ਜਾਵਾਂ ਪਿਆਸ ਬੁੱਝਦੀ ਹੀ ਨਹੀਂ। ਸੋਚਦਾਂ-ਸੋਚਦਾਂ ਝਰਨੇ ਦੀ ਧਾਰ ਹੇਠੋਂ ਨਿਕਲ ਕੇ ਇਕ ਪਾਸੇ ਬਹਿ ਗਿਆ। ਹੈਰਾਨੀ ਦੀ ਕੋਈ ਹੱਦ ਨਾ ਰਹੀ। ਐਨੀ ਦੇਰ ਝਰਨੇ ਦੀ ਧਾਰ ਦੇ ਹੇਠਾਂ ਖੜ੍ਹੇ ਰਹਿਣ ਤੋਂ ਬਾਅਦ ਵੀ ਬਿਲਕੁਲ ਅਭਿੱਜ, ਨਾ ਕਪੜੇ ਗਿੱਲੇ ਹੋਏ ਅਤੇ ਨਾ ਹੀ ਪਿੰਡਾ। ਕਿਹੋ ਜਿਹਾ ਟਾਪੂ ਹੈ ਇਹ ਜਿੱਥੇ ਚੀਜ਼ਾਂ ਤਾਂ ਹਨ, ਪਰ ਉਨ੍ਹਾਂ ਵਿੱਚ ਸੱਤ ਹੀ ਨਹੀਂ, ਤ੍ਰਿਪਤੀ ਹੀ ਨਹੀਂ।

ਸੋਚਦਿਆਂ-ਸੋਚਦਿਆਂ ਹਨੇਰਾ ਹੋ ਗਿਆ। ਮੈਂ ਬਹੁਤ ਥੱਕ ਗਿਆ। ਕੁਝ ਦੇਰ ਦਮ ਲੈਣ ਲਈ ਇਕ ਚੱਟਾਨ ਨਾਲ ਟੇਕ ਲਾ ਲਈ। ਬੱਦਲ ਐਨੇ ਨੀਵੇਂ ਲਹਿ ਆਏ ਸਨ ਕਿ ਮੈਂ ਉਨ੍ਹਾਂ ਵਿਚ ਆਪਣੇ ਆਪ ਨੂੰ ਘਿਰਿਆ ਮਹਿਸੂਸ ਕਰ ਰਿਹਾ ਸਾਂ। ਅਚਾਨਕ ਪਤਾ ਨਹੀਂ ਕੀ ਹੋਇਆ ਕਿ ਮੈਂ ਉੱਠ ਕੇ ਦੌੜ ਪਿਆ।

ਮੈਨੂੰ ਅਹਿਸਾਸ ਹੋਇਆ ਕਿ ਮੈਂ ਪਾਣੀ ਅੰਦਰ ਚਲੇ ਗਏ ਉਸ ਟਾਪੂ ਉੱਤੇ ਆ ਗਿਆ ਹਾਂ, ਜਿਸ ਨੂੰ ਮੈਂ ਨਕਾਰ ਦਿੱਤਾ ਸੀ। ਇੱਥੇ ਰੁੱਖ ਤਾਂ ਖੜ੍ਹੇ ਸਨ, ਪਰ ਧੂੰਆਂਖੇ ਹੋਏ, ਕੋਈ ਪੱਤਾ ਨਹੀਂ, ਕੋਈ ਫਲ-ਫੁੱਲ ਨਹੀਂ। ਇੰਝ ਲੱਗ ਰਿਹਾ ਸੀ ਜਿਵੇਂ ਜੰਗਲ ਦੀ ਭਿਆਨਕ ਅੱਗ ਨੇ ਇਨ੍ਹਾਂ ਨੂੰ ਸਾੜ ਦਿੱਤਾ ਹੋਵੇ। ਆਲੇ-ਦੁਆਲੇ ਲੋਕ ‘ਕੱਲੇ-’ਕੱਲੇ ਬੈਠੇ ਪਿੱਟ-ਸਿਆਪਾ ਜਿਹਾ ਕਰੀ ਜਾਣ। ਸਾਰੇ ਭਰੇ-ਪੀਤੇ ਜਿਹੇ ਜਾਪਦੇ ਸਨ। ਹਰ ਕੋਈ ਆਪਣੇ-ਆਪ ਨਾਲ ਹੀ ਖਿੱਝਿਆ-ਖਿੱਝਿਆ ਲੱਗਾ। ਹਰ ਕੋਈ ਇਕੱਲਾ ਹੀ ਪਤਾ ਨਹੀਂ ਕੀ-ਕੀ ਬੋਲੀ ਜਾ ਰਿਹੈ, ਕਲਪੀ ਜਾ ਰਿਹੈ। ਆਪਣੇ-ਆਪ ’ਤੇ ਹੀ ਗੁੱਸਾ ਕੱਢੀ ਜਾ ਰਹੇ ਨੇ। ਇਕ ਸਿਰੇ ਤੋਂ ਦੂਜੇ ਸਿਰੇ ਤੱਕ ਦੇਖਦਿਆਂ ਮੇਰੀ ਨਜ਼ਰ ਪਰਲੇ ਪਾਸੇ ਬਣੀ ਇਕ ਸੰਗਮਰਮਰ ਦੀ ਮੂਰਤ ’ਤੇ ਪਈ। ਮੈਂ ਸੋਚਿਆ ਇੰਨੇ ਕੁਰਖਤ ਮਾਹੌਲ ਵਿਚ ਇੰਨੀ ਸੋਹਣੀ ਕਲਾ ਦਾ ਮੁਜੱਸਮਾਂ ਕਿਸ ਨੇ ਸਿਰਜਿਆ ਹੋਵੇਗਾ। ਉਹ ਮੂਰਤ ਮੈਨੂੰ ਆਪਣੇ ਵੱਲ ਖਿੱਚ ਰਹੀ ਸੀ। ਮੇਰੇ ਕਦਮ ਆਪਣੇ ਆਪ ਉਸ ਵੱਲ ਤੁਰ ਪਏ।

ਕੁਝ ਕਦਮ ਅੱਗੇ ਵਧਿਆ ਤਾਂ ਦੇਖਿਆ ਉਹ ਕੋਈ ਮੂਰਤ ਨਹੀਂ ਬਲਕਿ ਇਕ ਜਿਊਂਦੀ ਜਾਗਦੀ ਪਰੀ ਸੀ। ਉਸ ਦੇ ਅੰਗ ਨਿੱਖਰੀ ਹੋਈ ਰੂੰ ਦੇ, ਹੋਠਾਂ ਉੱਤੇ ਕੁਦਰਤੀ ਸੁਰਖ਼ ਲਾਲੀ, ਵਾਲ ਘਟਾਵਾਂ ਤੋਂ ਵੀ ਕਾਲੇ ਅਤੇ ਉਨ੍ਹਾਂ ਚੋਂ ਨਿਕਲ ਰਹੀ ਰੇਸ਼ਮ ਦੇ ਧਾਗਿਆਂ ਜਿਹੀ ਸੁਨਹਿਰੀ ਚਮਕ। ਨੀਲੀਆਂ ਅੱਖਾਂ ਨੀਲੇ ਸਮੁੰਦਰ ਤੋਂ ਵੀ ਡੂੰਘੀਆਂ। ਉਸ ਦਾ ਸਫ਼ੈਦ ਮਖ਼ਮਲੀ ਲਿਬਾਸ ਉਸ ਦੇ ਸੰਗਮਰਮਰ ਦੀ ਮੂਰਤ ਹੋਣ ਦਾ ਭੁਲੇਖਾ ਪਾ ਰਿਹਾ ਸੀ। ਪਿੱਠ ਉੱਤੇ ਲਿਬਾਸ ਵਿਚੋਂ ਨਿਕਲੇ ਕੋਮਲ ਪਰ ਸਮੇਟ ਕੇ ਉਸ ਨੇ ਆਪਣੇ ਪਿੰਡੇ ਨਾਲ ਲਾਏ ਹੋਏ ਸਨ। ਮਨ ਵਿਚ ਸਵਾਲ ਉੱਠਿਆ, ਜ਼ਾਲਮ ਇਨਸਾਨਾਂ ਦੇ ਇਸ ਟਾਪੂ ਉੱਤੇ ਇਹ ਨਾਜ਼ੁਕ ਪਰੀ? ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਆਲੇ-ਦੁਆਲੇ ਖਿੱਝਦੇ, ਕਲਪਦੇ ਲੋਕਾਂ ਦੇ ਵਿਚਕਾਰ ਉਹ ਇਕ ਦਮ ਸ਼ਾਂਤ ਚਿੱਤ ਅਤੇ ਅਡੋਲ ਬੈਠੀ। ਬਿਲਕੁਲ ਨਿਰਲੇਪ। ਮੇਰੇ ਕਦਮ ਬੇਰੋਕ ਉਸ ਵੱਲ ਜਾ ਰਹੇ ਸਨ। ਅਜਨਬੀ ਨੂੰ ਆਪਣੇ ਵੱਲ ਆਉਂਦਿਆਂ ਦੇਖ ਉਹ ਭੋਰਾ ਨਾ ਘਬਰਾਈ, ਬਲਕਿ ਆਤਮ-ਵਿਸ਼ਵਾਸ ਭਰੀਆਂ ਨਜ਼ਰਾਂ ਨਾਲ ਉਸ ਨੇ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਟੋਹਿਆ। ਜਦੋਂ ਉਸ ਨੂੰ ਯਕੀਨ ਹੋ ਗਿਆ ਕਿ ਮੈਂ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗਾ ਤਾਂ ਉਸ ਦੇ ਸੁਰਖ਼ ਹੋਠਾਂ ’ਤੇ ਹਲਕੀ ਜਿਹੀ ਮੁਸਕਾਨ ਆ ਗਈ, ਜਿਵੇਂ ਮੇਰਾ ਸੁਆਗਤ ਕਰ ਰਹੀ ਹੋਵੇ। ਉਸ ਦੇ ਚਿਹਰੇ ਦਾ ਜਲੌਅ ਦੇਖ ਕੇ ਅੰਦਰੋਂ ਮੈਂ ਘਬਰਾ ਰਿਹਾ ਸਾਂ, ਜਦੋਂ ਮੈਂ ਉਸ ਦੇ ਕੋਲ ਪਹੁੰਚਿਆ ਤਾਂ ਉਸ ਨੇ ਆਪਣੇ ਸਾਹਮਣੇ ਬੈਠਣ ਦਾ ਇਸ਼ਾਰਾ ਕੀਤਾ। ਉਸ ਦੀਆਂ ਨੀਲੀਆਂ ਅੱਖਾਂ ਦੇ ਜਾਦੂ ਵਿਚ ਬੱਝਿਆ ਮੈਂ ਇਸ਼ਾਰੇ ਵਾਲੀ ਥਾਂ ਉੱਤੇ ਬੈਠ ਗਿਆ। ਉਸ ਨੇ ਇੱਥੇ ਆਉਣ ਬਾਰੇ ਪੁੱਛਿਆ ਤਾਂ ਮੈਂ ਪੂਰੀ ਵਿੱਥਿਆ ਸੁਣਾ ਦਿੱਤੀ। ਮੈਂ ਉਸ ਨੂੰ ਦੱਸਿਆ ਕਿ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਇਸ ਸਭ ਕੁਝ ਮੇਰੇ ਨਾਲ ਕੀ ਹੋ ਰਿਹਾ ਹੈ। ਮੇਰੇ ਮੱਥੇ ਉੱਤੇ ਉਭਰ ਆਈਆਂ ਲਕੀਰਾਂ ਜਿਵੇਂ ਉਸ ਤੋਂ ਇਸ ਸਵਾਲ ਦਾ ਜਵਾਬ ਮੰਗ ਰਹੀਆਂ ਹੋਣ। ਪਰ ਉਹ ਕੁਝ ਨਾ ਬੋਲੀ, ਬੱਸ ਮੁਸਕੁਰਾ ਪਈ। ਉਸ ਦੀ ਰਹੱਸਮਈ ਮੁਸਕਾਨ ਮੇਰੇ ਤੋਂ ਮੇਰੀ ਜ਼ਿੰਦਗੀ ਦੇ ਸਫ਼ਰ ਬਾਰੇ ਪੁੱਛਦੀ ਰਹੀ। ਅੱਧੀ ਰਾਤ ਤੱਕ ਮੈਂ ਬੋਲਦਾ ਰਿਹਾ, ਉਹ ਟਿਕਟਿਕੀ ਲਾ ਕੇ ਮੇਰੀਆਂ ਗੱਲਾਂ ਸੁਣਦੀ ਰਹੀ। ਜਿਉਂ-ਜਿਉਂ ਮੈਂ ਆਪਣੇ ਜ਼ਿੰਦਗੀ ਦੇ ਸੰਘਰਸ਼ਾਂ ਦੀ ਦਾਸਤਾਨ ਉਸ ਨੂੰ ਸੁਣਾ ਰਿਹਾ ਸਾਂ, ਤਿਉਂ-ਤਿਉਂ ਉਸ ਦੀਆਂ ਅੱਖਾਂ ਵਿਚ ਚਮਕ ਵੱਧਦੀ ਜਾ ਰਹੀ ਸੀ। ਲਗਾਤਾਰ ਬੋਲਦਿਆਂ ਮੇਰਾ ਗਲਾ ਸੁੱਕ ਗਿਆ ਸੀ। ਮੈਨੂੰ ਪਿਆਸ ਲੱਗ ਰਹੀ ਸੀ। ਮੈਨੂੰ ਇਸ ਗੱਲ ਦੀ ਵੀ ਚਿੰਤਾ ਸਤਾ ਰਹੀ ਸੀ ਕਿ ਪਤਾ ਨਹੀਂ ਕਿਵੇਂ ਗਲਤੀ ਨਾਲ ਮੈਂ ਇਸ ਟਾਪੂ ’ਤੇ ਆ ਗਿਆ ਹਾਂ, ਮੈਨੂੰ ਛੇਤੀ ਹੀ ਆਪਣੇ ਟਾਪੂ ’ਤੇ ਮੁੜ ਜਾਣਾ ਚਾਹੀਦਾ ਹੈ, ਵਰਨਾ ਪਤਾ ਨਹੀਂ ਕੀ ਭਾਣਾ ਵਾਪਰ ਜਾਵੇ। ਜਿਉਂ ਹੀ ਮੈਂ ਉੱਠਣ ਲੱਗਿਆ ਉਸ ਨੇ ਆਪਣੇ ਮਖ਼ਮਲੀ ਹੱਥ ਨਾਲ ਮੇਰਾ ਹੱਥ ਫੜ ਕੇ ਮੈਨੂੰ ਫਿਰ ਬਿਠਾ ਲਿਆ। ਪਾਣੀ ਦਾ ਇਕ ਗੜਵੀ ਵਰਗਾ ਪਾਤਰ ਮੇਰੇ ਮੂਹਰੇ ਲਿਆ ਧਰਿਆ। ਇਕ ਫਲਾਂ ਦੀ ਟੋਕਰੀ ਸਾਹਮਣੇ ਰੱਖ ਦਿੱਤੀ। ਇਹ ਕੀ? ਇਹ ਤਾਂ ਉਹੀ ਫਲ ਨੇ, ਤਿਕੋਣੇ, ਚੌਰਸ, ਅੱਠਕੋਣੇ। ਉੇਸ ਨੇ ਮੇਰੀਆਂ ਅੱਖਾਂ ਵਿਚ ਉਤਰ ਆਈ ਹੈਰਾਨੀ ਪੜ੍ਹ ਲਈ। ਉਸ ਦੇ ਦੋਵੇਂ ਜੁੜੇ ਹੋਏ ਸੁਰਖ ਬੁੱਲ੍ਹ ਬੜੀ ਸਹਿਜਤਾ ਨਾਲ ਖੁੱਲ੍ਹੇ ਅਤੇ ਬੋਲੀ- “ਘਬਰਾਓ ਨਾ। ਇਹ ਇੱਥੋਂ ਦੇ ਫਲ ਨੇ ਬਹੁਤ ਸੁਆਦੀ ਅਤੇ ਰਸੀਲੇ। ਮੈਨੂੰ ਪਤਾ ਹੈ ਤੁਹਾਨੂੰ ਯਕੀਨ ਨਹੀਂ ਹੋ ਰਿਹਾ। ਮੈਂ ਦਿਖਾਉਂਦੀ ਹਾਂ ਤੁਹਾਨੂੰ, ਆਹ ਦੇਖੋ!”
ਕਹਿ ਕਿ ਉਸ ਨੇ ਇਕ ਚੌਰਸ ਫਲ ਚੁੱਕਿਆ ਅਤੇ ਆਪਣੇ ਹੋਠਾਂ ਤੱਕ ਲੈ ਗਈ। ਉਸ ਨੇ ਆਪਣੇ ਮੋਤੀਆਂ ਵਰਗੇ ਚਿੱਟੇ ਦੰਦ ਇਸ ਤਰ੍ਹਾਂ ਹੌਲੀ-ਹੌਲੀ ਫਲ ਵਿਚ ਖੋਭੇ, ਜਿਵੇਂ ਫਲ ਨੂੰ ਦਰਦ ਹੋਣ ਤੋਂ ਡਰ ਰਹੀ ਹੋਵੇ। ਇੱਕ ਵੱਡਾ ਚੱਕ ਮਾਰ ਕੇ ਖਾਣ ਤੋਂ ਬਾਅਦ ਉਸ ਨੇ ਖਾਧਾ ਹੋਇਆ ਫਲ ਮੇਰੇ ਵੱਲ ਵਧਾ ਦਿੱਤਾ ਅਤੇ ਖਿੜਖਿੜਾ ਕੇ ਹੱਸਦਿਆਂ ਬੋਲੀ- “ਦੇਖ ਲਓ ਮੈਂ ਤੁਹਾਡੇ ਸਾਹਮਣੇ ਖਾਧਾ ਏ। ਬੜਾ ਰਸੀਲਾ, ਮਿੱਠਾ ਅਤੇ ਸਵਾਦੀ। ਲਓ ਤੁਸੀਂ ਖਾ ਕੇ ਦੇਖੋ।”

ਕਹਿ ਕੇ ਉਹ ਫਿਰ ਜ਼ੋਰ ਦੀ ਹੱਸ ਪਈ। ਮੇਰੇ ਵੱਲ ਵਧੇ ਹੋਏ ਉਸ ਦੇ ਹੱਥ ਵਿਚੋਂ ਮੈਂ ਫਲ ਫੜ੍ਹ ਲਿਆ। ਖਾਧੇ ਹੋਏ ਹਿੱਸੇ ’ਤੇ ਉਸ ਦੇ ਦੰਦਾਂ ਦੇ ਨਿਸ਼ਾਨਾਂ ਦੇ ਦੁਆਲੇ ਉਸ ਦੇ ਹੋਠਾਂ ਦੀ ਲਾਲੀ ਨੇ ਫਲ ਉੱਤੇ ਉਸ ਦੇ ਹੋਠਾਂ ਦੀ ਤਸਵੀਰ ਬਣਾ ਦਿੱਤੀ ਸੀ। ਝਿਝਕਦਿਆਂ ਮੈਂ ਫਲ ਖਾਧਾ ਤਾਂ ਸੱਚਮੁਚ ਇਹ ਰਸੀਲਾ, ਮਿੱਠਾ ਅਤੇ ਸਵਾਦ ਸੀ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਸ਼ਾਇਦ ਆਲੌਕਿਕ ਪਰੀ ਦੇ ਹੋਠਾਂ ਨੇ ਇਸ ਵਿਚ ਰਸ, ਸਵਾਦ ਅਤੇ ਮਿਠਾਸ ਭਰ ਦਿੱਤੀ ਸੀ। ਅੱਧਾ ਫਲ ਖਾ ਕੇ ਹੀ ਅਸੀਮ ਤ੍ਰਿਪਤੀ ਮਹਿਸੂਸ ਹੋ ਰਹੀ ਰਹੀ ਸੀ। ਬਾਕੀ ਦਾ ਬਚਿਆ ਹੋਇਆ ਅੱਧਾ ਟੁਕੜਾ ਉਸ ਨੇ ਮੇਰੇ ਹੱਥੋਂ ਲਿਆ ਅਤੇ ਆਪਣੇ ਮੂੰਹ ਵਿਚ ਪਾ ਲਿਆ। ਉਸ ਦੇ ਚਿਹਰੇ ’ਤੇ ਇਕ ਤ੍ਰਿਪਤੀ ਭਰੀ ਮੁਸਕਾਨ ਫੈਲ ਗਈ। ਫਿਰ ਉਸ ਨੇ ਆਪਣੇ ਹੱਥ ਦੀ ਬੁੱਕ ਬਣਾ ਕੇ ਮੇਰੇ ਹੋਠਾਂ ਨਾਲ ਲਾ ਦਿੱਤੀ। ਦੂਸਰੇ ਹੱਥ ਨਾਲ ਉਸ ਨੇ ਪਾਣੀ ਵਾਲਾ ਪਾਤਰ ਚੁੱਕਿਆ ਅਤੇ ਹੌਲੀ-ਹੌਲੀ ਉਸ ਵਿਚ ਪਾਣੀ ਪਾਉਣ ਲੱਗੀ। ਜਿਉਂ ਹੀ ਪਾਣੀ ਦੀਆਂ ਕੁਝ ਬੂੰਦਾਂ ਮੇਰੀ ਜੀਭ ਨੂੰ ਛੋਹ ਕੇ ਮੇਰੇ ਪੇਟ ਵਿਚ ਪਹੁੰਚੀਆਂ ਤਾਂ ਆਤਮਾ ਤ੍ਰਿਪਤ ਹੁੰਦੀ ਮਹਿਸੂਸ ਹੋਈ।

ਮੇਰੀ ਭੁੱਖ ਅਤੇ ਪਿਆਸ ਤ੍ਰਿਪਤ ਕਰਨ ਤੋਂ ਬਾਅਦ ਉਹ ਉੱਠ ਖੜ੍ਹੀ ਹੋਈ। ਆਪਣੇ ਸੱਜੇ ਹੱਥ ਨਾਲ ਮੇਰਾ ਸੱਜਾ ਹੱਥ ਫੜ ਕੇ ਉਸ ਨੇ ਮੈਨੂੰ ਉਠਾ ਲਿਆ। ਮੈਂ ਉੱਠਿਆ ਤਾਂ ਹੱਥ ਫੜ ਕੇ ਉਹ ਅੱਗੇ ਤੁਰ ਪਈ। ਉਸ ਦੇ ਛੋਹ ਦੇ ਅਹਿਸਾਸ ਵਿਚ ਬੱਝਾ ਮੈਂ ਉਸ ਦੇ ਪਿੱਛੇ-ਪਿੱਛੇ ਤੁਰਦਾ ਗਿਆ। ਆਪਣੇ ਕਦਮਾਂ ਨੂੰ ਰੋਕਣ ਦਾ ਖ਼ਿਆਲ ਵੀ ਨਾ ਆਇਆ। ਉਜਾੜ ਬੀਆਬਾਨ ਜੰਗਲ ਵਿਚੋਂ ਲੰਘਦੇ ਹੋਏ ਅਸੀਂ ਇਕ ਪਹਾੜ ਦੇ ਪੈਰਾਂ ਕੋਲ ਆ ਗਏ। ਉਹ ਮੇਰਾ ਹੱਥ ਫੜੀ ਹਾਲੇ ਵੀ ਤੁਰੀ ਜਾ ਰਹੀ ਸੀ। ਇਕ ਥਾਂ ’ਤੇ ਜਾ ਕੇ ਉਹ ਰੁਕੀ, ਜਿੱਥੇ ਪਹਾੜ ਤੋਂ ਪਾਣੀ ਦਾ ਝਰਨਾ ਹੇਠਾਂ ਵੱਲ ਵਹਿ ਰਿਹਾ ਸੀ। ਹੱਥ ਫੜ ਕੇ ਉਹ ਮੈਨੂੰ ਪਾਣੀ ਦੀ ਧਾਰ ਹੇਠਾਂ ਲੈ ਗਈ। ਪਾਣੀ ਦੀ ਧਾਰ ਬਹੁਤ ਤਿੱਖੀ ਅਤੇ ਤੇਜ਼ ਸੀ। ਉਸ ਦੇ ਵੇਗ ਅੱਗੇ ਜ਼ਿਆਦਾ ਦੇਰ ਖੜ੍ਹਾ ਹੋਣਾ ਔਖਾ ਸੀ। ਮੈਂ ਇਕ ਦਮ ਪਹਾੜ ਚੋਂ ਉਭਰੇ ਇਕ ਪੱਥਰ ਨੂੰ ਦੋਹਾਂ ਹੱਥਾਂ ਨਾਲ ਫੜ ਲਿਆ। ਉਸ ਦਾ ਹੱਥ ਛੁੱਟ ਗਿਆ। ਉਹ ਦੋ ਤਿੰਨ ਚੱਟਾਨਾ ’ਤੇ ਪੈਰ ਧਰ ਕੇ ਉੱਪਰ ਚੜ੍ਹ ਗਈ। ਉੱਪਰ ਇਕ ਪਾਸੇ ਨਜ਼ਰ ਆ ਰਹੀ ਇਕ ਚੱਟਾਨ ’ਤੇ ਉਹ ਬੈਠ ਗਈ। ਪਹਾੜੀ ਝਰਨੇ ਦੀ ਚੌੜੀ ਅਤੇ ਤਿੱਖੀ ਧਾਰ ਉਸ ਨੂੰ ਭਿਓਂ ਕੇ ਹੇਠਾਂ ਸਿੱਧੀ ਮੇਰੇ ਉੱਤੇ ਡਿੱਗ ਰਹੀ ਸੀ। ਇਸ ਝਰਨੇ ਦਾ ਪਾਣੀ ਸਾਨੂੰ ਭਿਓਂ ਵੀ ਰਿਹਾ ਸੀ ਅਤੇ ਸਕੂਨ ਵੀ ਦੇ ਰਿਹਾ ਸੀ। ਮੈ ਕੱਪੜਿਆਂ ਸਮੇਤ ਧੁਰ ਅੰਦਰ ਤੱਕ ਤਰਬਤਰ ਹੋ ਗਿਆਂ ਸਾਂ। ਕੀ ਉਸ ਦੀ ਛੋਹ ਨੇ ਪਾਣੀ ਵਿਚ ਵੀ ਜਾਨ ਪਾ ਦਿੱਤੀ ਸੀ? ਮੈਂ ਸੋਚਾਂ ਵਿਚ ਘਿਰਿਆਂ ਹੋਇਆਂ ਸਾਂ ਅਤੇ ਉਸ ਦੀਆਂ ਸੁਪਨੀਲੀਆਂ ਨੀਲੀਆਂ ਅੱਖਾਂ ਲਗਾਤਾਰ ਮੇਰੀਆਂ ਨਜ਼ਰਾਂ ਉੱਤੇ ਟਿਕੀਆਂ ਹੋਈਆਂ ਸਨ। ਇਸੇ ਤਰ੍ਹਾਂ ਦੇਖਦਿਆਂ ਉਸ ਨੇ ਉੱਪਰੋਂ ਹੀ ਪੁੱਛਿਆ, “ਤੁਸੀਂ ਕਦੇ ਮੁਹੱਬਤ ਕੀਤੀ ਏ।”
“ਕੋਸ਼ਿਸ਼ ਤਾਂ ਬਹੁਤ ਕੀਤੀ ਏ, ਪਰ ਕਰ ਨਹੀਂ ਸਕਿਆ”, ਮੈਂ ਕੰਬਦੇ ਬੁੱਲਾਂ ਨਾਲ ਜਵਾਬ ਦਿੱਤਾ।
ਉਸ ਨੇ ਬਿਨਾਂ ਨਜ਼ਰਾਂ ਹਟਾਉਂਦਿਆਂ ਪੁੱਛਿਆ, “ਮੈਨੂੰ ਮੁਹੱਬਤ ਕਰੋਂਗੇ?”
ਮੈਨੂੰ ਸਮਝ ਨਹੀਂ ਸੀ ਆ ਰਹੀ ਕੀ ਕਰਾਂ। ਇਕਲਾਪੇ, ਨਫ਼ਰਤ ਅਤੇ ਬੰਦਸ਼ਾਂ ਵਾਲੇ ਦੋ ਟਾਪੂਆਂ ਵਿਚ ਘਿਰਿਆ ਮੈਂ ਸੁੰਨ ਜਿਹਾ ਹੋਇਆ ਪਿਆ ਸਾਂ। ਕੁਝ ਦੇਰ ਪਹਿਲਾਂ ਇੰਝ ਲੱਗ ਰਿਹਾ ਸੀ ਜਿਵੇਂ ਮੈਂ ਆਖ਼ਰੀ ਸਾਹ ਲੈ ਰਿਹਾ ਹਾਂ। ਹੁਣ ਉਸ ਦੀਆਂ ਆਸ ਭਰੀਆਂ ਅੱਖਾਂ ਵਿਚੋਂ ਮੈਨੂੰ ਇਕ ਨਵੀਂ ਜ਼ਿੰਦਗੀ ਨਜ਼ਰ ਆ ਰਹੀ ਸੀ। ਉਸ ਦੀ ਛੋਹ ਨਾਲ ਫਲਾਂ, ਪਾਣੀ ਅਤੇ ਝਰਨੇ ਨੇ ਮੈਨੂੰ ਨਵੀਂ ਜ਼ਿੰਦਗੀ ਦਾ ਅਹਿਸਾਸ ਕਰਵਾਇਆ ਸੀ। ਮੈਂ ਝਿਜਕਦਿਆਂ ਜਵਾਬ ਦਿੱਤਾ, “ਕੋਸ਼ਿਸ਼ ਕਰਾਂਗਾ।”
ਉਸ ਨੇ ਦ੍ਰਿੜ ਇਰਾਦੇ ਨਾਲ ਪੁੱਛਿਆ, “ਕੋਸ਼ਿਸ਼ ਜਾਂ ਮੁਹੱਬਤ?”
ਉਸ ਦੇ ਆਤਮ-ਵਿਸ਼ਵਾਸ ਨੇ ਮੇਰੇ ਅੰਦਰ ਜਿਉਣ ਦੀ ਇਕ ਨਵੀਂ ਤਰੰਗ ਭਰ ਦਿੱਤੀ। ਪੂਰੀ ਦ੍ਰਿੜਤਾ ਨਾਲ ਮੈਂ ਜਵਾਬ ਦਿੱਤਾ, “ਮੁਹੱਬਤ ਕਰਾਂਗਾ।”

ਉਸ ਦੇ ਚਿਹਰੇ ’ਤੇ ਇਕ ਦੈਵੀ ਖੁਸ਼ੀ ਫੈਲ ਗਈ। ਉਹ ਤੇਜ਼ੀ ਨਾਲ ਚੱਟਾਨ ਤੋਂ ਹੇਠਾਂ ਉੱਤਰੀ ਅਤੇ ਮੇਰੇ ਕੋਲ ਆਈ, ਮੇਰਾ ਹੱਥ ਆਪਣੇ ਹੱਥ ਵਿਚ ਘੁੱਟਿਆ ਅਤੇ ਮੇਰੀਆਂ ਅੱਖਾਂ ਵਿਚੋਂ ਕੁਝ ਲੱਭਣ ਲੱਗੀ। ਅਚਾਨਕ ਪਤਾ ਨਹੀਂ ਕੀ ਹੋਇਆ ਸ਼ਰਮਾ ਕੇ ਪਰਾਂ ਚਲੀ ਗਈ। ਇਕ ਪਲ਼ ਮੈਨੂੰ ਲੱਗਿਆ ਕਿ ਉਹ ਖੁਸ਼ੀ ਨਾਲ ਆਪਣੇ ਖੰਭ ਫੈਲਾਏਗੀ ਅਤੇ ਮੇਰਾ ਹੱਥ ਫੜ ਕੇ ਮੈਨੂੰ ਉੱਡਾ ਕੇ ਅੰਬਰਾਂ ’ਚ ਲੈ ਜਾਵੇਗੀ। ਉਸ ਦੀ ਖੁਸ਼ੀ ਦੇਖ ਕੇ ਮੈਨੂੰ ਵੀ ਇੰਝ ਲੱਗ ਰਿਹਾ ਸੀ ਜਿਵੇਂ ਮੇਰੇ ਵੀ ਪਰ ਨਿਕਲ ਆਏ ਹੋਣ ਅਤੇ ਅਸੀਂ ਦੋਵੇਂ ਇਕ ਦੂਜੇ ਦਾ ਹੱਥ ਫੜੀ ਉੱਡਦੇ ਹੋਏ ਆਕਾਸ਼ ਵਿਚ ਤਾਰੀਆਂ ਲਾ ਰਹੀਏ ਹੋਈਏ। ਇਨ੍ਹਾਂ ਖ਼ਿਆਲਾਂ ਵਿਚ ਤੈਰਦਾ ਮੈਂ ਉਸ ਕੋਲ ਗਿਆ। ਉਸ ਨੇ ਨਜ਼ਰਾਂ ਭਰ ਕੇ ਮੇਰੇ ਵੱਲ ਦੇਖਿਆ ਅਤੇ ਉਸ ਦਿਸ਼ਾ ਵੱਲ ਭੱਜ ਗਈ, ਜਿੱਧਰੋਂ ਅਸੀਂ ਆਏ ਸਾਂ। ਮੈਂ ਵੀ ਉਸ ਦੇ ਪਿੱਛੇ ਭੱਜ ਪਿਆ। ਅਸੀਂ ਉਸੇ ਜਗ੍ਹਾ ’ਤੇ ਪੁੱਜ ਗਏ, ਜਿੱਥੋਂ ਅਸੀਂ ਉੱਠ ਕੇ ਗਏ ਸਾਂ। ਸਾਨੂੰ ਦੋਹਾਂ ਨੂੰ ਸਾਹ ਚੜ੍ਹ ਗਿਆ ਸੀ। ਦੋਵਾਂ ਦੇ ਦਿਲ ਦੀ ਧੜਕਣ ਸੁਣਾਈ ਦੇ ਰਹੀ ਸੀ। ਸ਼ਾਇਦ ਉਸ ਨੇ ਮੇਰੇ ਚਿਹਰੇ ਤੋਂ ਮੇਰੇ ਮਨ ਦੀ ਉੱਡਣ ਵਾਲੀ ਗੱਲ ਬੁੱਝ ਲਈ ਪਹਿਲਾਂ ਤਾਂ ਉਸ ਦੇ ਚਿਹਰੇ ’ਤੇ ਇਕ ਮੁਸਕਾਨ ਖਿੜੀ, ਚਾਣਚੱਕ ਉਸ ਦਾ ਹੱਸਦਾ ਖਿੜਖਿੜਾਉਂਦਾ ਚਿਹਰਾ ਉਦਾਸ ਹੋ ਗਿਆ। ਉਸ ਨੇ ਗੱਲ ਤੋਰੀ, “ਮੈਂ ਇਸ ਟਾਪੂ ’ਤੇ ਇਕਲੌਤੀ ਪਰੀ ਹਾਂ। ਪਰੀਲੋਕ ਵਿਚ ਮੈਂ ਵੀ ਤੇਰੇ ਵਾਂਗ ਬਾਗ਼ੀ ਸਾਂ। ਬੇਮਤਲਬ ਦੇ ਥੋਪੇ ਹੋਏ ਨਿਯਮਾਂ ਤੋਂ ਬਾਗ਼ੀ। ਮੈਂ ਖੁੱਲ੍ਹੇ ਆਸਮਾਨ ਵਿਚ ਉੱਡਣਾ ਲੋਚਦੀ ਸਾਂ। ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਓਣ ਦੇ ਸੁਪਨੇ ਦੇਖਦੀ ਸਾਂ। ਇਹ ਸਭ ਪਰੀਲੋਕ ਦੇ ਪੈਰੋਕਾਰਾਂ ਨੂੰ ਮਨਜ਼ੂਰ ਨਹੀਂ ਸੀ। ਮੈਂ ਉਨ੍ਹਾਂ ਦੀ ਗੱਲ ਸੁਣਦੀ ਹੀ ਨਹੀਂ ਸਾਂ। ਗੁੱਸੇ ਹੋ ਕੇ ਉਨ੍ਹਾਂ ਮੈਨੂੰ ਪਰੀ ਲੋਕ ਵਿਚੋਂ ਕੱਢ ਕੇ ਇੱਥੇ ਸੁੱਟ ਦਿੱਤਾ। ਇੱਥੇ ਮੈਂ ਪਰੀ ਤਾਂ ਹਾਂ, ਪਰ ਬੱਸ ਨਾਮ ਦੀ ਪਰੀ ਕਿਉਂਕਿ ਇਸ ਟਾਪੂ ਦੇ ਨਿਯਮਾਂ ਵਿਚ ਕਿਸੇ ਨੂੰ ਆਪਣੀ ਮਰਜ਼ੀ ਕਰਨ ਦੀ ਮਨਾਹੀ ਹੈ। ਸਾਲਾਂ ਤੋਂ ਮੈਂ ਕਦੇ ਆਪਣੇ ਖੰਭ ਖੋਲ੍ਹੇ ਵੀ ਨਹੀਂ। ਇੰਝ ਲੱਗਦਾ ਹੈ ਕਿ ਇਹ ਖੰਭ ਮੇਰੇ ਪਿੰਡੇ ਨਾਲ ਜੁੜੇ ਤਾਂ ਹੋਏ ਹਨ, ਪਰ ਇਨ੍ਹਾਂ ਵਿਚ ਜਾਨ ਹੈ ਹੀ ਨਹੀਂ। ਇਸ ਲਈ ਉੱਡਣਾ ਤਾਂ ਦੂਰ, ਇਸ ਟਾਪੂ ਵਿਚ ਆਪਣੀ ਮਰਜ਼ੀ ਨਾਲ ਇਕ ਕਦਮ ਤੁਰਨਾ ਵੀ ਮੁਸ਼ਕਲ ਹੈ। ਜੇ ਤੂੰ ਮੈਨੂੰ ਇਸ ਕਰਕੇ ਮੁਹੱਬਤ ਕਰਨ ਦੀ ਸੋਚ ਰਿਹਾ ਹੈਂ ਕਿ ਮੈਂ ਇਕ ਪਰੀ ਹਾਂ ਤਾਂ ਤੂੰ ਬੇਸ਼ਕ ਆਪਣਾ ਫੈਸਲਾ ਬਦਲ ਲੈ। ਮੈਂ ਉਹ ਪੰਛੀ ਹਾਂ ਜਿਸ ਦੇ ਪਰ ਕੁਤਰ ਦਿੱਤੇ ਗਏ ਹਨ।”

ਮੈਨੂੰ ਲੱਗਿਆ ਜਿਵੇਂ ਉਹ ਮੈਨੂੰ ਇਕ ਹੱਥ ਨਾਲ ਇਕ ਨਵੀਂ ਜ਼ਿੰਦਗੀ ਦੇ ਕੇ ਦੂਸਰੇ ਹੱਥ ਨਾਲ ਖੋਹ ਕੇ ਲੈ ਜਾ ਰਹੀ ਹੈ। ਮੇਰਾ ਦਿਲ ਜਾਣਦੈ ਮੈਂ ਉਸ ਦੇ ਮਨ ਦੇ ਸੁੱਚੇ ਅਹਿਸਾਸ ਨੂੰ ਪਿਆਰ ਕੀਤਾ ਸੀ, ਉਸ ਦੀ ਆਤਮਾ ਨੂੰ ਮੁਹੱਬਤ ਕੀਤੀ ਸੀ, ਉਸ ਦੀਆਂ ਅੱਖਾਂ ਵਿਚ ਤੈਰਦੇ ਸੁਪਨਿਆਂ ਦੀ ਉਡਾਣ ਨੂੰ ਸੱਚ ਕਰਨਾ ਹੀ ਮੇਰੀ ਤਮੰਨਾ ਸੀ, ਇਹੀ ਮੇਰਾ ਇਸ਼ਕ ਸੀ। ਮੇਰਾ ਗੱਚ ਭਰ ਆਇਆ। ਭਰੇ ਹੋਏ ਮਨ ਨਾਲ ਮੈਂ ਜਵਾਬ ਦਿੱਤਾ, “ਮੁਹੱਬਤ ਰੰਗ-ਰੂਪ, ਜ਼ਾਤ-ਮਜ਼ਹਬ, ਵਰਗ-ਆਕਾਰ ਦੇਖ ਕੇ ਨਹੀਂ ਕੀਤੀ ਜਾਂਦੀ। ਇਹ ਹੋ ਜਾਵੇ ਤਾਂ ਬੱਸ ਹੋ ਜਾਂਦੀ ਹੈ। ਮੈਨੂੰ ਵੀ ਇੰਝ ਹੀ ਤੇਰੇ ਨਾਲ ਹੋ ਗਈ ਏ। ਹੁਣ ਤੂੰ ਹੀ ਦੱਸ ਮੈਂ ਕੀ ਕਰਾਂ?”

ਉਸ ਨੇ ਘੁੱਟ ਕੇ ਮੈਨੂੰ ਕਲਾਵੇ ਵਿਚ ਲੈ ਲਿਆ। ਉਸ ਦੀ ਬੁੱਕਲ ਦੇ ਨਿੱਘ ਵਿਚ ਮੈਂ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਤ੍ਰਿਪਤ ਇਨਸਾਨ ਮਹਿਸੂਸ ਕਰ ਰਿਹਾ ਸਾਂ। ਮੈਂ ਉਸ ਨੂੰ ਭਰੋਸਾ ਦਿੱਤਾ, “ਤੂੰ ਫ਼ਿਕਰ ਨਾ ਕਰ। ਤੂੰ ਪਰੀ ਹੈਂ। ਕੁਦਰਤ ਨੇ ਤੈਨੂੰ ਪਰ ਦਿੱਤੇ ਨੇ। ਉਡਾਣ ਬਖ਼ਸੀ ਹੈ। ਮੈਂ ਤੇਰਾ ਹੌਸਲਾ ਬਣਾਂਗਾ। ਤੂੰ ਕੋਸ਼ਿਸ਼ ਕਰੇਂਗੀ ਤਾਂ ਇਕ ਦਿਨ ਤੂੰ ਜ਼ਰੂਰ ਉੱਡ ਸਕੇਂਗੀ। ਆਪਣਾ ਹਰ ਸੁਪਨਾ ਸੱਚ ਕਰ ਸਕੇਂਗੀ।”

ਇਕ ਦੂਜੇ ਦੇ ਕਲਾਵੇ ਵਿਚ ਬੈਠੇ ਅਸੀਂ ਆਲੇ-ਦੁਆਲੇ ਦੀ ਦੁਨੀਆਂ ਨੂੰ ਬਿਲਕੁਲ ਭੁੱਲ ਹੀ ਗਏ ਸਾਂ। ਅਚਾਨਕ ਸਾਨੂੰ ਇਕ ਸ਼ੋਰ ਦੂਰੋਂ ਸਾਡੇ ਵੱਲ ਨੂੰ ਆਉਂਦਾ ਮਹਿਸੂਸ ਹੋਇਆ। ਉਹ ਘਬਰਾ ਗਈ। ਉਸ ਨੇ ਹੋਰ ਜ਼ਿਆਦਾ ਘੁੱਟ ਕੇ ਮੈਨੂੰ ਆਪਣੇ ਨਾਲ ਲਾ ਲਿਆ। ਹੌਲੀ-ਹੌਲੀ ਰੌਲਾ ਸਾਡੇ ਨੇੜੇ ਆਉਂਦਾ ਗਿਆ। ਟਾਪੂ ਦੇ ਵਾਸੀਆਂ ਨੇ ਸਾਨੂੰ ਚਾਰੇ ਪਾਸਿਓਂ ਘੇਰ ਲਿਆ। ਉਨ੍ਹਾਂ ਦੇ ਹੱਥਾਂ ਵਿਚ ਤੇਜ਼ ਹਥਿਆਰ ਤਲਵਾਰਾਂ, ਬਰਛੇ ਅਤੇ ਗੰਡਾਸੇ ਲਿਸ਼ਕ ਰਹੇ ਸਨ। ਅਸੀਂ ਇਸ ਤਰ੍ਹਾਂ ਮੁਹੱਬਤ ਕਰਕੇ ਉਨ੍ਹਾਂ ਦੇ ਟਾਪੂ ਦਾ ਨਿਯਮ ਤੋੜ ਦਿੱਤਾ ਸੀ। ਜਿਸ ਦੇ ਲਈ ਉਹ ਸਾਡਾ ਲਹੂ ਸਮੁੰਦਰ ਵਿਚ ਵਗਾਉਣ ਲਈ ਤਿਆਰ ਸਨ। ਮੈਂ ਅੰਦਰ ਤੱਕ ਕੰਬ ਗਿਆ। ਮੈਨੂੰ ਮੌਤ ਆਪਣੇ ਸਾਹਮਣੇ ਖੜੀ ਜਾਪੀ। ਪਰ ਇਸ ਤੋਂ ਪਹਿਲਾਂ ਕਿ ਉਹ ਭੀੜ ਕੁਝ ਕਰਦੀ, ਪਰੀ ਉਨ੍ਹਾਂ ਦੇ ਸਾਹਮਣੇ ਹਿੱਕ ਤਾਣ ਕੇ ਖਲੋ ਗਈ।

“ਇਸ ਨੂੰ ਮੈਂ ਸੱਦਿਆ ਹੈ। ਮੈਂ ਚੁਣਿਆ ਹੈ ਆਪਣੀ ਜ਼ਿੰਦਗੀ ਦਾ ਹਮਰਾਜ਼, ਆਪਣਾ ਹਮਸਫ਼ਰ। ਇਸ ਵਿਚ ਇਸ ਦਾ ਕੋਈ ਕਸੂਰ ਨਹੀਂ ਜੋ ਵੀ ਸਜ਼ਾ ਦੇਣੀ ਹੈ। ਮੈਨੂੰ ਦਿਓ। ਪਰ ਜੀਵਾਂਗੀ ਤਾਂ ਇਸ ਨਾਲ, ਮਰਾਂਗੀ ਤਾਂ ਇਸ ਦੇ ਲਈ।”
ਉਸ ਦਾ ਹੌਸਲਾ ਦੇਖ ਕੇ ਪਤਾ ਨਹੀਂ ਕਿੱਥੋਂ ਮੇਰੇ ਅੰਦਰ ਜਿਵੇਂ ਬਿਜਲੀ ਦੌੜ ਗਈ। ਮੈਂ ਚੀਕਿਆ, “ਨਹੀਂ, ਨਹੀਂ ਸਜ਼ਾ ਦਾ ਹੱਕਦਾਰ ਮੈਂ ਹਾਂ। ਤੁਹਾਡੇ ਟਾਪੂ ’ਤੇ ਆ ਕੇ ਤੁਹਾਡੇ ਮਾਹੌਲ ਵਿਚ ਖ਼ਲਲ ਮੈਂ ਪਾਇਆ ਹੈ। ਇਸ ਨਾਜ਼ੁਕ ਪਰੀ ਦਾ ਕੋਈ ਕਸੂਰ ਨਹੀਂ। ਇਸ ਨੂੰ ਕੁਝ ਨਾ ਕਹਿਣਾ, ਇਸ ਦੇ ਬਿਨਾਂ ਮੈਂ ਵੀ ਜੀਵਿਤ ਨਹੀਂ ਰਹਾਂਗਾ।”

ਉਸ ਭੀੜ ਵਿਚ ਖ਼ੁਸਰ-ਪੁਸਰ ਹੋਈ। ਇੰਝ ਲੱਗ ਰਿਹਾ ਸੀ ਕਿ ਉਹ ਸਾਡੇ ਨਾਲ ਕੀਤੇ ਜਾਣ ਵਾਲੇ ਸਲੂਕ ਬਾਰੇ ਵਿਚਾਰ-ਵਟਾਂਦਰਾ ਕਰ ਰਹੇ ਹੋਣ। ਫਿਰ ਇਕ ਦਮ ਸ਼ਾਂਤੀ ਪਸਰ ਗਈ। ਸ਼ਾਇਦ ਕੋਈ ਫੈਸਲਾ ਹੋ ਗਿਆ ਸੀ। ਦੋ ਜੱਲਾਦਾਂ ਵਰਗੇ ਬੰਦੇ ਸਾਡੇ ਕੋਲ ਆਏ। ਉਨ੍ਹਾਂ ਨੇ ਇਕ ਲੋਹੇ ਦੀ ਬੇੜੀ ਸਾਡੇ ਦੋਹਾਂ ਦੇ ਪੈਰਾਂ ਵਿਚ ਇਸ ਤਰ੍ਹਾਂ ਪਾ ਦਿੱਤੀ ਕਿ ਅਸੀਂ ਆਰਾਮ ਨਾਲ ਤੁਰ ਫਿਰ ਤਾਂ ਸਕਦੇ ਸਾਂ, ਪਰ ਨਾ ਦੌੜ ਸਕਦੇ ਸਾਂ ਅਤੇ ਨਾ ਹੀ ਇਕ ਦੂਜੇ ਤੋਂ ਅਲੱਗ ਹੋ ਸਕਦੇ ਸਾਂ। ਫਿਰ ਉਨ੍ਹਾਂ ਨੇ ਸਾਨੂੰ ਦੋਹਾਂ ਨੂੰ ਲਿਜਾ ਕੇ ਟਾਪੂ ਦੇ ਸਭ ਤੋਂ ਸੁੰਨਸਾਨ ਖੂੰਜੇ ਵਿਚ ਛੱਡ ਦਿੱਤਾ ਅਤੇ ਇਕ ਦਾਇਰਾ ਮਿੱਥ ਦਿੱਤਾ ਜਿਸ ਵਿਚੋਂ ਅਸੀਂ ਬਾਹਰ ਨਹੀਂ ਸਾਂ ਜਾ ਸਕਦੇ।

ਇਨ੍ਹਾਂ ਨਵੇਂ ਹਾਲਾਤ ਵਿਚ ਮੈਂ ਹਾਲੇ ਆਪਣੇ-ਆਪ ਨੂੰ ਸੰਭਾਲ ਵੀ ਨਹੀਂ ਸਾਂ ਸਕਿਆ। ਪਰ ਪਰੀ ਦੇ ਚਿਹਰੇ ’ਤੇ ਜਿੱਤ ਦੀ ਚਮਕ ਲਿਸ਼ਕ ਰਹੀ ਸੀ। ਉਸ ਨੇ ਮੈਨੂੰ ਗੱਲਵੱਕੜੀ ਪਾਉਂਦਿਆ ਕਿਹਾ, “ਪਿਆਰੇ ਪ੍ਰੀਤਮ। ਸ਼ੁਕਰ ਹੈ ਉਨ੍ਹਾਂ ਸਾਡੀ ਜਾਨ ਬਖ਼ਸ਼ ਦਿੱਤੀ। ਕੀ ਹੋਇਆ ਜੇ ਸਾਡੇ ਪੈਰਾਂ ਵਿਚ ਬੇੜੀ ਪਾ ਦਿੱਤੀ। ਕੀ ਐਨਾ ਕਾਫ਼ੀ ਨਹੀਂ ਕਿ ਮੈਂ ਉਮਰ ਭਰ ਤੁਹਾਡੇ ਨਾਲ ਗੁਜ਼ਾਰ ਸਕਦੀ ਹਾਂ। ਇਹ ਬੇੜੀ ਸਾਡੀ ਸਜ਼ਾ ਨਹੀਂ, ਬਲਕਿ ਨਿਯਾਮਤ ਹੈ। ਇਹ ਹਮੇਸ਼ਾ ਸਾਨੂੰ ਇਕ ਦੂਜੇ ਨਾਲ ਜੋੜੀ ਰੱਖੇਗੀ।”

ਮੈਂ ਮਹਿਸੂਸ ਕੀਤਾ ਕਿ ਉਸ ਦੇ ਅੰਦਰ ਮੇਰੇ ਲਈ ਮੁਹੱਬਤ ਦੀ ਸ਼ਿੱਦਤ ਹੋਰ ਵੀ ਵੱਧ ਗਈ ਹੈ। ਇਸ ਲਈ ਉਸ ਨੇ ਇਸ ਬੰਧਨ ਨੂੰ ਵੀ ਸਵਿਕਾਰ ਕਰ ਲਿਆ ਹੈ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਜਿਸ ਨੂੰ ਮੈਂ ਉੱਡਣ ਦਾ ਹੌਸਲਾ ਦੇ ਰਿਹਾ ਸਾਂ, ਹੁਣ ਮੈਂ ਆਪ ਉਸ ਦੇ ਨਾਲ ਇਕ ਬੇੜੀ ਵਿਚ ਜਕੜਿਆ ਗਿਆ ਹਾਂ। ਕੀ ਹੁਣ ਮੈਂ ਉਸ ਨੂੰ ਕਦੇ ਉੱਡਣ ਲਈ ਕਹਿ ਸਕਾਂਗਾਂ?

ਕਈ ਦਿਨ ਇਸ ਤਰ੍ਹਾਂ ਹੀ ਬੀਤ ਗਏ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਂ ਦੇਖਿਆ ਕਿ ਉੱਡਣ ਦੇ ਸੁਪਨੇ ਦੇਖਣ ਵਾਲੀ ਪਰੀ ਨੇ ਇਸ ਨਵੇਂ ਮਾਹੌਲ ਨੂੰ ਇੰਨੀ ਚੰਗੀ ਤਰ੍ਹਾਂ ਅਪਣਾ ਲਿਆ ਜਿਵੇਂ ਸਦੀਆਂ ਤੋਂ ਇਸੇ ਤਰ੍ਹਾਂ ਹੀ ਰਹਿ ਰਹੀਏ ਹੋਈਏ। ਇਸ ਤੋਂ ਵੀ ਜ਼ਿਆਦਾ ਹੈਰਾਨੀ ਦੀ ਗੱਲ ਕਿ ਉਹ ਹਰ ਰੋਜ਼ ਸੁਪਨਿਆਂ ਦੀ, ਖੰਭਾਂ ਦੀ ਅਤੇ ਉਡਾਣ ਦੀ ਗੱਲ ਕਰਦੀ, ਪਰ ਜਦੋਂ ਅਸਲ ਵਿਚ ਉੱਡਣ ਦੀ ਗੱਲ ਆਉਂਦੀ ਤਾਂ ਉਹ ਨਾਰਾਜ਼ ਹੋ ਜਾਂਦੀ। ਸਾਰਾ ਦੋਸ਼ ਕਦੇ ਹਾਲਾਤ ਕਦੇ ਕਿਸਮਤ ਅਤੇ ਕਦੇ-ਕਦੇ ਤਾਂ ਆਪਣੀ ਮੁਹੱਬਤ ’ਤੇ ਪਾ ਦਿੰਦੀ। ਜਦ ਮੈਂ ਉਸ ਨੂੰ ਹਾਲਾਤ ਬਦਲਣ ਵਾਸਤੇ ਹਿੰਮਤ ਕਰਨ ਲਈ ਕਹਿੰਦਾ ਤਾਂ ਬੇਚੈਨ ਜਿਹੀ ਹੋ ਜਾਂਦੀ। ਬਹੁਤ ਕੋਸ਼ਿਸ਼ ਦੇ ਬਾਵਜੂਦ ਨਾ ਉਹ ਕੋਈ ਹੀਆ ਕਰਨ ਲਈ ਤਿਆਰ ਸੀ ਅਤੇ ਨਾ ਮੈਂ ਆਪਣੇ ਆਪ ਨੂੰ ਇਸ ਮਾਹੌਲ ਅਨੁਸਾਰ ਢਾਲਣ ਵਿਚ ਕਾਮਯਾਬ ਹੋ ਰਿਹਾ ਸਾਂ। ਇਹ ਗੱਲ ਉਸ ਨੂੰ ਹੋਰ ਵੀ ਜ਼ਿਆਦਾ ਖਿਝਾ ਦਿੰਦੀ। ਹੌਲੀ-ਹੌਲੀ ਉਸ ਨੇ ਮੈਨੂੰ ਇਸ ਮਾਹੌਲ ਨੂੰ ਅਪਣਾਉਣ ਲਈ ਸਮਝਾਉਣਾ ਸ਼ੁਰੂ ਕਰ ਦਿੱਤਾ। ਆਪਣੇ ਅੰਦਰ ਸਾਲਾਂ ਤੋਂ ਰਚੇ ਹੋਏ ਬੰਦਸ਼ਾਂ ਭਰੇ ਨਿਯਮ ਉਸ ਨੂੰ ਠੀਕ ਜਾਪਣ ਲੱਗੇ। ਉਹ ਮੈਨੂੰ ਸਮਝਾਉਂਦੀ ਕਿ ਮੈਨੂੰ ਵੀ ਬਦਲ ਜਾਣਾ ਚਾਹੀਦਾ ਹੈ। ਮੈਂ ਉਸ ਨੂੰ ਰੋਜ਼ ਸਮਝਾਉਂਦਾ ਕਿ ਮੈਂ ਉਸ ਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਮੁਹੱਬਤ ਕਰਦਾ ਹਾਂ ਅਤੇ ਆਪਣੀ ਜ਼ਿੰਦਗੀ ਉਸ ਦੇ ਨਾਮ ਕਰ ਚੁੱਕਾ ਹਾਂ। ਪਰ ਇਸ ਤਰ੍ਹਾਂ ਜ਼ਿੰਦਗੀ ਜਿਉਣਾ ਮੈਨੂੰ ਹਰਗਿਜ਼ ਗਵਾਰਾ ਨਹੀਂ। ਮੈਂ ਚਾਹੁੰਦਾ ਹਾਂ ਕਿ ਅਸੀਂ ਇੱਕਠੇ ਜ਼ਿੰਦਗੀ ਜੀਵੀਏ, ਪਰ ਆਪਣੀ ਮਰਜ਼ੀ ਨਾਲ, ਆਪਣੇ ਹਿਸਾਬ ਨਾਲ, ਆਪਣੇ ਸੁਪਨਿਆਂ ਵਾਲੀ ਜ਼ਿੰਦਗੀ ਨਾ ਕਿ ਇਨ੍ਹਾਂ ਦੇ ਹੁਕਮ-ਚਲਾਊ ਨਿਜ਼ਾਮ ਅਨੁਸਾਰ।

ਉਹ ਮੇਰੀਆਂ ਇਨ੍ਹਾਂ ਗੱਲਾਂ ਨੂੰ ਬੇਵਕੂਫੀ ਕਹਿਣ ਲੱਗ ਪਈ। ਇੱਥੋਂ ਤੱਕ ਕਿ ਮੇਰੇ ਰਹਿਣ-ਸਹਿਣ, ਬੋਲਣ, ਚੱਲਣ ਅਤੇ ਸੋਚਣ ਤੱਕ ਦੇ ਢੰਗ ਨੂੰ ਨਕਾਰਣ ਲੱਗ ਪਈ। ਉਹ ਮੈਨੂੰ ਸਭ ਕੁਝ ਉਸ ਟਾਪੂ ਦੇ ਨਿਯਮਾਂ ਅਨੁਸਾਰ ਬਦਲਣ ਦੀ ਜ਼ਿੱਦ ਕਰਨ ਲੱਗੀ। ਮੈਂ ਸਮਝ ਗਿਆ ਸਾਂ ਕਿ ਇਸ ਟਾਪੂ ਦੇ ਜਿਸ ਮਾਹੌਲ ਵਿਚ ਉਸ ਨੇ ਆਪਣੀ ਜ਼ਿੰਦਗੀ ਬਿਤਾਈ ਹੈ, ਉਸ ਟਾਪੂ ਦਾ ਸੁਭਾਅ ਉਸ ਦੇ ਸੁਭਾਅ ਵਿਚ ਰਚ ਗਿਆ ਹੈ। ਉਹ ਨਵੀਂ ਉਡਾਣ ਭਰਨ ਦੇ ਸੁਪਨੇ ਤਾਂ ਦੇਖਦੀ ਹੈ, ਪਰ ਆਪਣੇ ਬੰਧਨਾਂ ਤੋਂ ਆਪ ਮੁਕਤ ਹੋਣ ਬਾਰੇ ਸੋਚ ਵੀ ਨਹੀਂ ਸਕਦੀ ਅਤੇ ਇਨ੍ਹਾਂ ਬੰਧਨਾਂ ਨੂੰ ਤੋੜੇ ਬਿਨਾਂ ਉਹ ਉਡਾਣ ਨਹੀਂ ਭਰ ਸਕਦੀ।

ਇਨ੍ਹਾਂ ਗੱਲਾਂ ਕਰਕੇ ਆਪਸ ਵਿਚ ਤਕਰਾਰ ਹੋਣ ਲੱਗੀ, ਤਲਖ਼ੀ ਵੱਧਦੀ ਗਈ। ਉੁਹ ਪਰੀ ਮੇਰੇ ਦਿਲ ਦੀ ਰਾਣੀ ਸੀ। ਮੈਂ ਉਸ ਦੇ ਸੁਪਨਿਆਂ ਦਾ ਰਾਜਕੁਮਾਰ ਸਾਂ। ਪਰ ਮੈਂ ਉਸ ਟਾਪੂ ਵਿਚ ਰਹਿ ਰਿਹਾਂ ਸਾਂ, ਜਿਸ ਨੂੰ ਮੈਂ ਮੌਤ ਦੇ ਸਿਰੇ ’ਤੇ ਲਟਕਦਿਆਂ ਵੀ ਖਾਰਜ ਕਰਕੇ ਇਕਲਾਪੇ ਦਾ ਟਾਪੂ ਚੁਣਿਆ ਸੀ। ਸ਼ਾਇਦ ਉੱਥੇ ਇਕਲਾਪੇ ਵਿਚ ਮਰ ਖਪ ਜਾਂਦਾ, ਕੋਈ ਗਿਲਾ ਵੀ ਨਾ ਹੁੰਦਾ। ਪਰ ਹੁਣ ਨਾ ਤਾਂ ਉਸ ਦੇ ਬਿਨਾਂ ਜੀਣਾ ਮੇਰੇ ਲਈ ਸੰਭਵ ਸੀ ਅਤੇ ਨਾ ਹੀ ਉਸ ਦੇ ਨਾਲ ਜਿਉਂਦਿਆਂ ਉਸ ਨੂੰ ਖੁਸ਼ੀਆਂ ਦੀ ਉਡਾਣ ਦੇਣਾ ਮੇਰੇ ਵੱਸ ਵਿਚ ਸੀ। ਇਹ ਗੱਲ ਮੇਰੇ ਦਿਲ ’ਤੇ ਭਾਰ ਬਣੀ ਹੋਈ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਆਖ਼ਰ ਮੈਂ ਕਰਾਂ ਤਾਂ ਕੀ ਕਰਾਂ। ਸੋਚਦਿਆਂ-ਸੋਚਦਿਆਂ ਮੈਨੂੰ ਉਹ ਵੇਲਾ ਚੇਤਾ ਆਇਆ, ਜਦੋਂ ਮੇਰੀ ਪਰੀ ਨੇ ਆਪਣੇ ਸਮਾਜ ਨੂੰ ਵੰਗਾਰਿਆ ਸੀ। ਉਸ ਦੀ ਵੰਗਾਰ ਨਾਲ ਸਾਡੇ ਖ਼ੂਨ ਦੇ ਪਿਆਸੇ ਨਿਜ਼ਾਮ ਨੇ, ਨਾ ਸਿਰਫ਼ ਸਾਡੀ ਜਾਨ ਬਖ਼ਸ਼ ਦਿੱਤੀ ਸੀ, ਬਲਕਿ ਸਾਨੂੰ ਇਕ ਬੇੜੀ ਵਿਚ ਬੰਨ੍ਹ ਕੇ ਇੱਕਠੇ ਜ਼ਿੰਦਗੀ ਜਿਊਣ ਲਈ ਇਕ ਪਾਸੇ ਵੀ ਕਰ ਦਿੱਤਾ ਸੀ। ਮੇਰੇ ਦਿਲ ਨੇ ਮੈਨੂੰ ਕਿਹਾ ਕਿ ਜੇ ਇਕ ਵੰਗਾਰ ਸਦੀਆਂ ਦੇ ਨਿਜ਼ਾਮ ਨੂੰ ਹਿਲਾ ਸਕਦੀ ਹੈ ਤਾਂ ਕਿ ਇਹ ਵੰਗਾਰ ਇਕ ਇਨਸਾਨ ਦੇ ਦਿਲ ਨੂੰ ਪਿਘਲਾ ਨਹੀਂ ਸਕੇਗੀ? ਬੱਸ ਮੈਂ ਫੈਸਲਾ ਕਰ ਲਿਆ ਕਿ ਪਰੀ ਦੀਆਂ ਗੱਲਾਂ ਦਾ ਬੁਰਾ ਨਹੀਂ ਮਨਾਉਣਾ, ਨਾ ਉਸ ਨੂੰ ਬੰਧਨ ਖੋਲ੍ਹ ਕੇ ਉਡਾਣ ਭਰਨ ਲਈ ਮਨਾਉਣਾ ਹੈ। ਹਰ ਪਲ ਉਸ ਨੂੰ ਖੁਸ਼ ਰੱਖਣਾ ਹੈ ਅਤੇ ਸਹੀ ਸਮੇਂ ’ਤੇ ਉਸ ਨੂੰ ਵੰਗਾਰਨਾ ਹੈ। ਮੇਰੇ ਬਦਲੇ ਹੋਏ ਅੰਦਾਜ਼ ਨੂੰ ਦੇਖ ਕੇ ਉਸ ਨੂੰ ਲੱਗਿਆ ਕਿ ਸਭ ਕੁਝ ਠੀਕ-ਠਾਕ ਹੋ ਗਿਆ ਹੈ। ਮੈਂ ਵੀ ਉਸ ਦੀ ਹਰ ਖੁਸ਼ੀ ਅਤੇ ਜ਼ਰੂਰਤ ਦਾ ਖ਼ਿਆਲ ਰੱਖਦਾ। ਫਿਰ ਉਹ ਜਦ ਵੀ ਸੁਪਨਿਆਂ ਦੀ ਗੱਲ ਕਰਦੀ ਤਾਂ ਮੈਂ ਹੱਸਦਿਆਂ ਆਖਦਾ, “ਕਿੰਨੇ ਪਿਆਰੇ ਸੁਪਨੇ ਨੇ। ਪਰ ਛੱਡ ਪਰਾਂ ਇਨ੍ਹਾਂ ਸੁਪਨਿਆਂ ਦੀ ਗੱਲ ਕਰਨ ਦਾ ਕੋਈ ਫਾਇਦਾ ਨਹੀਂ, ਜਿਸ ਦਿਨ ਸੱਚਮੁੱਚ ਉੱਡ ਕੇ ਦਿਖਾਏਂਗੀ ਉਦੋਂ ਗੱਲ ਕਰਾਂਗੇ।” ਉਹ ਮੇਰੀ ਗੱਲ ਸੁਣ ਕੇ ਗੁੱਸੇ ਹੋ ਜਾਂਦੀ। ਸੋਚਦੀ ਕਿ ਮੈਂ ਉਸ ਦਾ ਮਜ਼ਾਕ ਉਡਾ ਰਿਹਾ ਹਾਂ। ਇਸ ਗੱਲ ’ਤੇ ਕਿੰਨਾਂ ਚਿਰ ਲੜਦੀ। ਮੈਂ ਉਸ ਨੂੰ ਮਨਾ ਲੈਂਦਾ। ਪਰ ਜਦੋਂ ਵੀ ਉਹ ਸੁਪਨਿਆਂ ਅਤੇ ਉਡਾਣ ਦੀ ਗੱਲ ਕਰਦੀ ਮੈਂ ਹੱਸ ਛੱਡਦਾ। ਹਾਸੇ-ਹਾਸੇ ਵਿਚ ਉਸ ਨੂੰ ਵੰਗਾਰ ਦਿੰਦਾ। ਹੌਲੀ-ਹੌਲੀ ਉਹ ਇਸ ਗੱਲ ਦਾ ਗੁੱਸਾ ਆਪਣੇ ਮਨ ਅੰਦਰ ਭਰਨ ਲੱਗ ਪਈ। ਇਸ ਨੂੰ ਇੰਝ ਜਾਪਣ ਲੱਗ ਪਿਆ ਕਿ ਜਿਵੇਂ ਮੈਂ ਉਸ ਨੂੰ ਪਿਆਰ ਕਰਦਾ ਹੀ ਨਹੀਂ, ਬੱਸ ਉਸ ਨੂੰ ਮਜ਼ਾਕ ਬਣਾ ਕੇ ਰੱਖਿਆ ਹੋਇਆ ਹੈ। ਹਰ ਪਲ ਉਸ ਨੂੰ ਨੀਵਾਂ ਦਿਖਾਉਂਦਾ ਹਾਂ। ਉਸ ਦੀ ਖਿੱਲੀ ਉਡਾਉਂਦਾ ਹਾਂ। ਇਹ ਗੱਲਾਂ ਸੋਚਦੀ ਉਹ ਹਰ ਪਲ ਦੁਖੀ ਰਹਿੰਦੀ। ਉਸ ਨੂੰ ਦੁੱਖੀ ਦੇਖ ਕੇ ਮੇਰਾ ਮਨ ਵੀ ਬਹੁਤ ਦੁੱਖਦਾ। ਪਰ ਮੈਨੂੰ ਇਹ ਵੀ ਪਤਾ ਸੀ ਕਿ ਮੈਂ ਜੋ ਕਰ ਰਿਹਾ ਹਾਂ ਉਸ ਦਾ ਨਤੀਜਾ ਇਕ ਦਿਨ ਜ਼ਰੂਰ ਉਸ ਦੇ ਹੱਕ ਵਿਚ ਨਿਕਲੇਗਾ। ਹੋ ਸਕਦਾ ਹੈ, ਉਹ ਇਸ ਗੱਲ ਲਈ ਮੈਨੂੰ ਕਦੇ ਮਾਫ਼ ਨਾ ਕਰੇ, ਪਰ ਜੇ ਉਹ ਇਸ ਕੋਸ਼ਿਸ਼ ਨਾਲ ਆਪਣੀ ਉਡਾਣ ਹਾਸਲ ਕਰ ਲਵੇ ਤਾਂ ਮੇਰੇ ਲਈ ਇਸ ਤੋਂ ਵੱਡੀ ਖੁਸ਼ੀ ਦੀ ਕੋਈ ਗੱਲ ਨਹੀਂ। ਇਸ ਗੱਲ ਦਾ ਅਸਰ ਹੋ ਵੀ ਰਿਹਾ ਸੀ। ਇਸ ਦੇ ਨਿਸ਼ਾਨ ਦਿਸਣ ਲੱਗ ਪਏ ਸਨ। ਉਹ ਪਹਿਲਾਂ ਨਾਲੋਂ ਜ਼ਿਆਦਾ ਆਪਣੀ ਜ਼ਿੰਦਗੀ ਵੱਲ ਧਿਆਨ ਦੇਣ ਲੱਗ ਪਈ ਸੀ। ਸੱਜਣ-ਸੰਵਰਨ ਲੱਗ ਪਈ ਸੀ। ਕਈ ਚੀਜ਼ਾਂ ਜੋ ਉਹ ਪਹਿਲਾਂ ਸੋਚਣ ਤੋਂ ਵੀ ਡਰਦੀ ਸੀ ਆਪਣੀ ਜ਼ਿੰਦਗੀ ਵਿਚ ਅਪਣਾਉਣ ਲੱਗ ਪਈ ਸੀ। ਜਿਹੜੀਆਂ ਚੀਜ਼ਾਂ ਕਰਦਿਆਂ ਉਸ ਨੂੰ ਨਿਯਮਾਂ ਦੇ ਟੁੱਟ ਜਾਣ ਦਾ ਡਰ ਰਹਿੰਦਾ ਸੀ, ਬੜੀ ਬੇਬਾਕੀ ਨਾਲ ਉਹ ਚੀਜ਼ਾਂ ਕਰਨ ਲੱਗ ਪਈ ਸੀ। ਫਿਰ ਵੀ ਉਹ ਆਪਣੀ ਪੁਰਾਣੀ ਮਾਨਸਿਕਤਾ ਤਿਆਗ ਕੇ ਨਵੀਂ ਉਡਾਣ ਭਰਨ ਲਈ ਬਿਲਕੁਲ ਵੀ ਤਿਆਰ ਨਹੀਂ ਸੀ। ਪਰ ਸੁਪਨਿਆਂ ਬਾਰੇ, ਉਡਾਣ ਬਾਰੇ, ਨਵੀਂ ਜ਼ਿੰਦਗੀ ਬਾਰੇ ਗੱਲਾਂ ਕਰਨਾ ਉਹ ਕਦੇ ਨਹੀਂ ਸੀ ਭੁੱਲਦੀ। ਹੁਣ ਵੱਡਾ ਜੋਖਮ ਲੈਣ ਦਾ ਵਕਤ ਆ ਗਿਆ ਲੱਗਦਾ ਸੀ। ਮੈਨੂੰ ਡਰ ਸੀ ਕਿ ਮੇਰਾ ਅਗਲਾ ਕਦਮ ਉਸ ਨੂੰ ਬੁਰੀ ਤਰ੍ਹਾਂ ਝੰਝੋੜ ਦੇਵੇਗਾ। ਉਸ ਦੇ ਮਨ ਵਿਚ ਮੇਰੇ ਲਈ ਨਫ਼ਰਤ ਭਰ ਦੇਵੇਗਾ, ਪਰ ਮੈਨੂੰ ਹੋਰ ਕੋਈ ਹੱਲ ਨਜ਼ਰ ਨਹੀਂ ਸੀ ਆ ਰਿਹਾ। ਮੈਂ ਜੋਖ਼ਮ ਲੈਣ ਦਾ ਫੈਸਲਾ ਕਰ ਲਿਆ। ਇਕ ਦਿਨ ਉਹ ਹੱਸ-ਹੱਸ ਕੇ ਆਪਣੇ ਸੁਪਨਿਆਂ ਦੀਆਂ ਗੱਲਾਂ ਕਰ ਰਹੀ ਸੀ। ਉਹ ਦੱਸ ਰਹੀ ਸੀ ਕਿ ਜਦੋਂ ਇਹ ਸੁਪਨੇ ਸੱਚ ਹੋਣਗੇ ਤਾਂ ਕਿਸ ਤਰ੍ਹਾਂ ਉਹ ਅੰਬਰਾਂ ਵਿਚ ਉੱਡਦੀ ਫਿਰੇਗੀ। ਮੈਂ ਹੱਸਦਿਆਂ ਕਿਹਾ, “ਇਹ ਸੁਪਨੇ ਵੀ ਫਜ਼ੂਲ ਨੇ ਅਤੇ ਇਹ ਗੱਲਾਂ ਵੀ, ਹੁਣ ਤੈਨੂੰ ਇਨ੍ਹਾਂ ਗੱਲਾਂ ਦਾ ਖਹਿੜਾ ਛੱਡ ਦੇਣਾ ਚਾਹੀਦਾ ਹੈ ਕਿਉਂ ਕਿ ਜੇ ਤੂੰ ਪਰੀ ਹੁੰਦੀ ਤਾਂ ਆਪ ਅੰਬਰਾਂ ਵਿਚ ਉੱਡਦੀ ਫਿਰਦੀ। ਧਰਤੀ ’ਤੇ ਬੈਠੀ ਬੇੜੀਆਂ ਵਿਚ ਜਕੜੀ ਹੋਈ, ਉੱਡਣ ਦੀਆਂ ਗੱਲਾਂ ਨਾ ਕਰਦੀ ਰਹਿੰਦੀ। ਮੈਨੂੰ ਹੁਣ ਸਮਝ ਆ ਗਈ ਹੈ ਕਿ ਤੂੰ ਪਰੀ ਹੈ ਈ ਨਹੀਂ। ਤੇਰੇ ਖੰਭ ਸਿਰਫ਼ ਦਿਖਾਵੇ ਦੇ ਹਨ। ਤੇਰੀਆਂ ਗੱਲਾਂ ਸਿਰਫ਼ ਗੱਲਾਂ, ਕੋਈ ਅਰਥ ਨਹੀਂ ਇਨਾਂ ਸੁਪਨੀਲੀਆਂ ਗੱਲਾਂ ਦਾ।”

ਇੰਨੀ ਗੱਲ ਸੁਣਦਿਆਂ ਹੀ ਉਹ ਗੁੱਸੇ ਨਾਲ ਭਰ ਗਈ। ਪਹਿਲਾਂ ਉਸ ਨੇ ਆਪਣੇ ਖੰਭ ਨੋਚ ਸੁੱਟਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਕਰਦਿਆਂ ਉਹ ਨਫ਼ਰਤ ਨਾਲ ਨੱਕੋ-ਨੱਕ ਭਰ ਗਈ। ਗੁੱਸੇ ਵਿਚ ਚੀਕਣ ਲੱਗੀ, “ਹਾਂ! ਹਾਂ ਮੈਂ ਪਰੀ ਨਹੀਂ। ਮੇਰੇ ਖੰਭ ਵੀ ਨਕਲੀ ਨੇ, ਮੈਂ ਵੀ ਨਕਲੀ ਅਤੇ ਮੇਰਾ ਪਿਆਰ ਵੀ ਨਕਲੀ। ਨੋਚ ਸੁੱਟ ਇਨ੍ਹਾਂ ਨੂੰ ਅਤੇ ਮੈਨੂੰ ਵੀ ਮਿਟਾ ਦੇ।”

ਮੈਂ ਉਸ ਦੀ ਹਾਲਤ ਸਮਝ ਸਕਦਾ ਸਾਂ। ਮੈਨੂੰ ਪਤਾ ਸੀ ਕਿ ਉਹ ਇਸ ਸਭ ਕੁਝ ਗੁੱਸੇ ਵਿਚ ਬੋਲ ਰਹੀ ਹੈ। ਮੈਂ ਜਾਣਦਾ ਹਾਂ, ਸੱਚਮੁੱਚ ਉਹ ਪਰੀ ਹੈ, ਪਰ ਅੰਦਰ ਬੈਠਾ ਪਤਾ ਨਹੀਂ ਕਿਹੜਾ ਡਰ ਉਸ ਨੂੰ ਉੱਡਣ ਨਹੀਂ ਦੇ ਰਿਹਾ। ਸ਼ਾਇਦ ਇਹ ਉਸ ਦੇ ਅੰਦਰ ਰਚੀਆਂ ਹੋਈਆਂ ਉਸ ਟਾਪੂ ਦੀਆਂ ਪਰੰਪਰਾਵਾਂ ਹਨ। ਉਹ ਸਲੀਕਾ ਹੈ, ਜਿਸ ਨੇ ਉਸ ਨੂੰ ਇਸ ਮਾਹੌਲ ਵਿਚ ਵੀ ਜੀਣ ਦੀ ਆਦਤ ਪਾ ਦਿੱਤੀ ਹੈ।

ਕਾਫੀ ਦੇਰ ਇਨ੍ਹਾਂ ਖ਼ਿਆਲਾਂ ਵਿਚ ਡੁੱਬਿਆ ਰਿਹਾ। ਕੁਝ ਪਲਾਂ ਬਾਅਦ ਮੈਂ ਦੇਖ ਰਿਹਾ ਸਾਂ ਕਿ ਹੁਣ ਉਹ ਪਹਿਲਾਂ ਨਾਲੋਂ ਕੁਝ ਸ਼ਾਂਤ ਲੱਗ ਰਹੀ ਹੈ। ਉਸ ਨੇ ਚੀਕਣਾ ਬੰਦ ਕਰ ਦਿੱਤਾ, ਪਰ ਅੰਦਰ ਉਹ ਬਲ ਰਹੀ ਸੀ। ਆਪਣੇ ਖੰਭਾਂ ਨੂੰ ਪੂਰੀ ਤਾਕਤ ਨਾਲ ਤਰੰਗਾਂ ਭੇਜ ਰਹੀ ਸੀ। ਅੱਜ ਉਹ ਕੁਝ ਵੀ ਕਰਨ ਲਈ ਉਤਾਰੂ ਸੀ। ਉਸ ਦੀਆਂ ਅੱਖਾਂ ਦਗ਼ ਰਹੀਆਂ ਸਨ। ਉਸ ਦੀਆਂ ਮੁੱਠੀਆਂ ਜ਼ੋਰ ਨਾਲ ਘੁੱਟੀਆਂ ਗਈਆਂ। ਪੈਰ ਕਿਸੇ ਦੌੜਾਕ ਵਾਂਗ ਦੌੜ ਸ਼ੁਰੂ ਹੋਣ ਤੋਂ ਪਹਿਲਾਂ ਵਾਲੀ ਪੁਜ਼ੀਸ਼ਨ ’ਤੇ ਆ ਗਏ। ਦੰਦ ਕਰੀਚੇ ਗਏ ਅਤੇ ਵਾਲ ਖੁੱਲ੍ਹ ਕੇ ਹਵਾ ਨਾਲ ਲਹਿਰਾਉਣ ਲੱਗ ਪਏ। ਪੂਰਾ ਜ਼ੋਰ ਲਾ ਕੇ ਉਸ ਨੇ ਆਪਣੇ ਗੋਡੇ ਥੋੜ੍ਹੇ ਜਿਹੇ ਮੋੜ ਲਏ। ਇਕ ਜ਼ੋਰਦਾਰ ਹਨੇਰੀ ਝੁੱਲੀ। ਉਸ ਦੇ ਖੰਭ ਪੂਰੀ ਤਰ੍ਹਾਂ ਫੈਲ ਗਏ। ਮੇਰੀਆਂ ਨਜ਼ਰਾਂ ਦੇ ਸਾਹਮਣੇ ਵਾਲਾ ਆਕਾਸ਼ ਉਸ ਦੇ ਖੰਭਾਂ ਨੇ ਢੱਕ ਲਿਆ। ਫਿਰ ਉਹ ਇਕ ਦਮ ਛਾਲ ਮਾਰ ਕੇ ਹਵਾ ਵਿਚ ਉੱਡ ਗਈ।

ਮੈਨੂੰ ਇਕ ਜ਼ੋਰਦਾਰ ਝਟਕਾ ਲੱਗਿਆ। ਮੈਂ ਇਕ ਦਮ ਪੁੱਠਾ ਲਟਕ ਗਿਆ। ਧਰਤੀ ਮੇਰੇ ਸਿਰ ਪਰਨੇ ਸੀ ਤੇ ਪੈਰਾਂ ਵੱਲ ਆਸਮਾਨ। ਉੱਪਰ ਦੇਖਿਆ ਤਾਂ ਪਰੀ ਉੱਡੀ ਜਾ ਰਹੀ ਸੀ। ਇੱਕ ਬੇੜੀ ਨਾਲ ਦੋਹਾਂ ਦੇ ਪੈਰ ਬੱਝੇ ਹੋਣ ਕਰਕੇ ਮੈਂ ਉਸ ਦੇ ਹੇਠਾਂ ਲਟਕ ਰਿਹਾ ਸਾਂ। ਉਹ ਉੱਡਦੀ ਹੋਈ, ਉੱਚੀ ਹੋਰ ਉੱਚੀ ਹੁੰਦੀ ਜਾ ਰਹੀ ਸੀ। ਉੱਚੀ-ਉੱਚੀ ਹੱਸ ਰਹੀ ਸੀ। ਬੋਲ ਰਹੀ ਸੀ।

“ਕਿਉਂ ਬੱਚੂ ਮੈਂ ਪਰੀ ਨਹੀਂ? ਮੈਂ ਸਿਰਫ਼ ਉੱਡਣ ਦੀਆਂ ਗੱਲਾਂ ਕਰਦੀ ਆਂ। ਉੱਡ ਨਹੀਂ ਸਕਦੀ। ਉੱਡਣਾ ਈ ਨੀ ਮੈਂ ਕਦੀ? ਰੋਜ਼ ਤਾਅਨੇ ਮਾਰ-ਮਾਰ ਕੇ ਮੇਰਾ ਜੀਣਾ ਹਰਾਮ ਕਰ ਦਿੱਤਾ ਤੂੰ। ਤੇਰੇ ਪਿਆਰ ਵਿਚ ਅੰਨ੍ਹੀ ਹੋਈ ਸਭ ਕੁਝ ਸੁਣਦੀ ਰਹੀ ਮੈਂ। ਹੁਣ ਦੱਸ ਬ੍ਰਹਿਮੰਡ ਵਿਚ ਕਿੱਥੇ ਪਟਕਾ ਕੇ ਮਾਰਾਂ ਤੈਨੂੰ?”

ਇਕ ਵਾਰ ਫਿਰ ਉਹ ਕੂਕਾਂ ਮਾਰ ਕੇ ਹੱਸਣ ਲੱਗ ਪਈ। ਤੇਜ਼ੀ ਨਾਲ ਬੱਦਲਾਂ ਨੂੰ ਚੀਰਦੀ ਹੋਈ ਉੱਪਰ ਹੋਰ ਉੱਪਰ ਉੱਡਦੀ ਜਾ ਰਹੀ ਸੀ। ਧੁੰਦ, ਧੂੰਏ ਅਤੇ ਬੱਦਲਾਂ ਦੇ ਗ਼ੁਬਾਰ ਵਿਚ ਮੈਨੂੰ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ। ਪੁੱਠੇ ਲਟਕਦਿਆਂ ਖ਼ੂਨ ਦਾ ਦੌਰਾ ਮੇਰੇ ਦਿਮਾਗ਼ ਦੀਆਂ ਨਾੜਾ ਪਾੜ ਕੇ ਬਾਹਰ ਆਉਣ ਨੂੰ ਕਾਹਲਾ ਸੀ। ਹੌਲੀ-ਹੌਲੀ ਮੇਰੇ ’ਤੇ ਬੇਹੋਸ਼ੀ ਛਾਅ ਗਈ। ਅੱਖਾਂ ਮੀਚੀਆਂ ਗਈਆਂ। ਇਕ ਧੜਾਮ ਦੀ ਆਵਾਜ਼ ਆਈ ਅਤੇ ਮੇਰੀ ਪਿੱਠ ਮੈਨੂੰ ਸਖ਼ਤ ਸਤ੍ਹਾ ’ਤੇ ਵੱਜੀ ਮਹਿਸੂਸ ਹੋਈ।

ਅਚਾਨਕ ਮੇਰੀ ਅੱਖ ਖੁੱਲ੍ਹੀ। ਮੈਂ ਉੱਥੇ ਹੀ ਪੱਥਰ ਨਾਲ ਟੇਕ ਲਾਈ ਸੌਂ ਰਿਹਾ ਸਾਂ, ਜਿੱਥੇ ਟਾਪੂ ਦਾ ਚੱਕਰ ਲਾਉਂਦਿਆਂ ਥੱਕ ਕੇ ਆਰਾਮ ਕਰਨ ਲਈ ਬੈਠ ਗਿਆ ਸਾਂ। ਇੰਝ ਲੱਗ ਰਿਹਾ ਸੀ ਜਿਵੇਂ ਕਿਸੇ ਭਿਆਨਕ ਸੁਪਨੇ ਵਿਚੋਂ ਅੱਭੜਵਾਹੇ ਉੱਠਿਆਂ ਹਾਂ। ਮੇਰਾ ਅੰਗ-ਅੰਗ ਹਾਲੇ ਦੁੱਖ ਰਿਹਾ ਸੀ। ਮੈਂ ਉੱਠ ਕੇ ਇੱਧਰ-ਓਧਰ ਦੇਖਣ ਲੱਗਾ। ਦੋ ਕਦਮ ਤੁਰਿਆ ਤਾਂ ਮੈਨੂੰ ਆਪਣੇ ਪੈਰਾਂ ਨਾਲ ਠੰਢੇ ਲੋਹੇ ਦੀ ਛੋਹ ਦਾ ਅਹਿਸਾਸ ਹੋਇਆ। ਮੈਂ ਇਕ ਦਮ ਆਪਣੇ ਪੈਰਾਂ ਵੱਲ ਦੇਖਿਆ। ਇਹ ਕੀ? ਇਹ ਤਾਂ ਉਹੀ ਬੇੜੀ ਐ, ਜਿਹੜੀ ਮੇਰੇ ਅਤੇ ਪਰੀ ਦੇ ਪੈਰਾਂ ਵਿਚ ਪਾਈ ਹੋਈ ਸੀ। ਪਹਿਲਾਂ ਨਾਲੋਂ ਅੱਧੀ, ਇੰਝ ਲੱਗ ਰਿਹਾ ਸੀ ਜਿਵੇਂ ਉਸ ਦਾ ਅੱਧਾ ਹਿੱਸਾ ਮੇਰੇ ਪੈਰਾਂ ਵਿਚ ਜਕੜਿਆ ਰਹਿ ਗਿਆ ਹੋਵੇ। ਮੈਂ ਅਸਮਾਨ ਵੱਲ ਤੱਕਿਆ। ਉਹ ਪਰੀ ਮੁਸਕੁਰਾਉਂਦੀ ਹੋਈ ਐਨ ਮੇਰੇ ਸਿਰ ਦੇ ਕੋਲੋਂ ਦੀ ਉੱਡਦੀ ਹੋਈ ਲੰਘੀ ਅਤੇ ਫੇਰ ਆਸਮਾਨ ਵੱਲ ਦੂਰ ਜਾਂਦੀ ਹੋਈ ਨਜ਼ਰ ਆ ਰਹੀ ਸੀ। ਉਸ ਦੇ ਪੈਰਾਂ ਵਿਚ ਵੀ ਉਸੇ ਬੇੜੀ ਦਾ ਬਾਕੀ ਅੱਧਾ ਹਿੱਸਾ ਲਟਕਦਾ ਹੋਇਆ ਨਜ਼ਰ ਆਇਆ। ਦੇਖਦਿਆਂ ਹੀ ਦੇਖਦਿਆਂ ਉਹ ਬੱਦਲਾਂ ਵਿਚ ਅਲੋਪ ਹੋ ਗਈ। ਮੈਂ ਫੇਰ ਧਰਤੀ ’ਤੇ ਬੈਠ ਗਿਆ ਅਤੇ ਆਪਣੀ ਪੈਰਾਂ ਦੀ ਬੇੜੀ ਨੂੰ ਗੌਰ ਨਾਲ ਵੇਖਣ ਲੱਗਾ। ਇੰਝ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਬੇੜੀ ਨੂੰ ਬੜੇ ਸਲੀਕੇ ਨਾਲ ਦੋ ਹਿੱਸਿਆਂ ਵਿਚ ਇਸ ਤਰ੍ਹਾਂ ਵੰਡਿਆਂ ਹੋਵੇ, ਜਿਸ ਨਾਲ ਬਿਨਾਂ ਖੁੱਲ੍ਹੇ ਇਸ ਦਾ ਇਕ ਹਿੱਸਾ ਮੇਰੇ ਪੈਰਾਂ ਵਿਚ ਪਿਆ ਰਹਿ ਗਿਆ ਅਤੇ ਦੂਸਰਾ ਹਿੱਸਾ ਉਸ ਪਰੀ ਦੇ ਪੈਰਾਂ ਵਿੱਚ। ਮੈਂ ਹਾਲੇ ਸ਼ਸ਼ੋਪੰਜ ਵਿਚ ਡੁੱਬਿਆ ਹੋਇਆਂ ਸਾਂ ਕਿ ਆਕਾਸ਼ਵਾਣੀ ਹੋਈ- “ਇਹ ਬੇੜੀ ਨਾ ਤੂੰ ਇਕੱਲਾ ਖੋਲ੍ਹ ਸਕੇਂਗਾ ਅਤੇ ਨਾ ਉਹ ਪਰੀ। ਇਸ ਨੂੰ ਖੋਲ੍ਹਣ ਲਈ ਤੁਹਾਨੂੰ ਇਕੱਠੇ ਹੋਣਾ ਈ ਪਵੇਗਾ। ਤੁਹਾਡੇ ਦੋਵਾਂ ਦੀ ਸਹਿਮਤੀ ਤੋਂ ਬਿਨਾਂ ਇਹ ਬੇੜੀ ਕਦੇ ਨਹੀਂ ਖੁੱਲ੍ਹ ਸਕਦੀ।”

ਮੇਰੇ ਦਿਲ ਨੂੰ ਇਕ ਧਰਵਾਸ ਮਿਲਿਆ। ਪਰੀ ਉੱਡਣ ਲੱਗ ਪਈ ਸੀ। ਭਾਂਵੇ ਮੇਰੇ ਨਾਲ ਗੁੱਸੇ ਸੀ, ਸ਼ਾਇਦ ਨਫ਼ਰਤ ਦੀ ਹੱਦ ਤੱਕ ਗੁੱਸੇ। ਮੈਨੂੰ ਇਕਲਾਪੇ ਦੇ ਟਾਪੂ ’ਤੇ ਸੁੱਟ ਕੇ ਆਪ ਅੰਬਰ ਵਿਚ ਉਡਾਰੀਆਂ ਲਾ ਰਹੀ ਸੀ। ਮੈਨੂੰ ਪੂਰੀ ਆਸ ਐ ਕਿ ਇਕ ਦਿਨ ਉਹ ਆਵੇਗੀ ਜ਼ਰੂਰ, ਚਾਹੇ ਆਪਣੀ ਬੇੜੀ ਖੋਲ੍ਹਣ ਲਈ ਹੀ ਆਵੇ। ਸ਼ਾਇਦ ਕਦੇ ਉਸ ਨੂੰ ਸਮਝ ਆ ਜਾਵੇ ਕਿ ਮੈਂ ਇਹ ਸਭ ਕੁਝ ਕਿਉਂ ਕੀਤਾ ਤੇ ਗਿਲੇ-ਸ਼ਿਕਵੇ ਭੁਲਾ ਕੇ ਮੈਨੂੰ ਗਲ ਨਾ ਲਾ ਲਵੇ।

ਅੱਜ-ਕੱਲ੍ਹ ਮੈਂ ਰੋਜ਼ ਉਸ ਨੂੰ ਆਸਮਾਨ ਵਿਚ ਉੱਡਦੇ ਦੇਖਦਾਂ। ਕਈ ਵਾਰ ਉਹ ਮੇਰੇ ਬਹੁਤ ਨੇੜਿਓਂ ਲੰਘਦੀ ਐ। ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਦਾਂ, ਪਰ ਉਹ ਜਵਾਬ ਨਹੀਂ ਦਿੰਦੀ। ਇਕਲਾਪੇ ਦੇ ਇਸ ਟਾਪੂ ’ਤੇ ਉਸ ਦੀ ਉਡੀਕ ਦਾ ਬਹਾਨਾ ਮੇਰੇ ਜਿਓਣ ਲਈ ਕਾਫ਼ੀ ਐ। ਉਡੀਕ ਉਸ ਦਿਨ ਦੀ ਜਿਸ ਦਿਨ ਮੈਂ ਵੀ ਉਸ ਨਾਲ ਇਕ ਨਵੀਂ ਉਡਾਣ ਭਰਾਂਗਾ।
-ਦੀਪ ਜਗਦੀਪ ਸਿੰਘ