ਕੀ ਪੰਜਾਬੀ ਹੀ ਨੇ ਸਾਰੇ ਪੁਆੜੇ ਦੀ ਜੜ੍ਹ

'ਸਾਰੇ ਪੁਆੜੇ ਦੀ ਜੜ੍ਹ ਪੰਜਾਬੀ ਨੇ, ਜੇ ਇਨ੍ਹਾਂ ਨੂੰ ਖਿੱਤੇ 'ਚੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਹਿੰਦ-ਪਾਕਿ ਦੇ ਸਾਰੇ ਮਸਲੇ ਹੱਲ ਹੋ ਜਾਣਗੇ। ਇਹ ਤਾਂ ਆਲੂਆਂ ਪਿਆਜ਼ਾਂ ਦੇ ਭਾਅ ਵਿਚ ਵੀ ਫਸੇ ਰਹਿੰਦੇ ਨੇ, ਇਨ੍ਹਾਂ ਨੇ ਦੇਸ਼-ਦੁਨੀਆ ਦਾ ਕੀ ਸੁਆਰਨਾ ਏ।'
ਮੁਹੰਮਦ ਹਨੀਫ਼
ਇਹ ਗੱਲ ਖ਼ੁਦ ਨੂੰ ਅੰਗਰੇਜ਼ੀ ਦਾ ਮਸ਼ਹੂਰ ਲੇਖਕ ਅਖਵਾਉਣ ਵਾਲਾ ਓਕਾੜਾ (ਪਾਕਿਸਤਾਨ) ਦਾ ਰਹਿਣ ਵਾਲਾ 'ਇਲੀਟ' ਅੰਗਰੇਜ਼ੀ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਬਹਿ ਕੇ ਕਰ ਰਿਹਾ ਸੀ ਅਤੇ ਪੂਰੇ ਭਾਰਤੀ ਉਪ-ਮਹਾਂਦੀਪ ਦੀਆਂ ਸਮੱਸਿਆਵਾਂ ਦਾ ਸਾਰਾ ਦੋਸ਼ ਪੰਜਾਬੀਆਂ ਦੇ ਮੱਥੇ ਮੜ੍ਹ ਰਿਹਾ ਸੀ।
ਸਿਤਮ ਤਾਂ ਇਹ ਸੀ ਕਿ ਇਹ ਸਭ ਕੁਝ ਉਹ ਆਪਣੀ ਨਵੀਂ ਕਿਤਾਬ ਦੇ ਪ੍ਰਚਾਰ ਲਈ ਰੱਖੀ ਹੋਈ ਜਨਤਕ ਸਭਾ ਵਿਚ ਬੋਲ ਰਿਹਾ ਸੀ, ਜਿਸ ਵਿਚ ਮਸ਼ਹੂਰ ਪੱਤਰਕਾਰ ਬਰਖਾ ਦੱਤ ਉਸ ਤੋਂ ਸਵਾਲ ਪੁੱਛ ਰਹੀ ਸੀ ਅਤੇ ਦਿੱਲੀ ਦੇ ਕਈ ਪਤਵੰਤੇ ਦਰਸ਼ਕਾਂ ਵਿਚ ਸ਼ਾਮਿਲ ਸਨ। ਅਫ਼ਸੋਸ ਦੀ ਗੱਲ ਇਹ ਵੀ ਸੀ ਕਿ ਇਨ੍ਹਾਂ ਦਰਸ਼ਕਾਂ ਵਿਚ ਕਈ ਪੰਜਾਬੀ ਚਿਹਰੇ ਵੀ ਸਨ, ਜੋ ਉਸ ਦੀਆਂ ਇਨ੍ਹਾਂ ਗੱਲਾਂ ਨੂੰ ਸੁਣੀ ਜਾ ਰਹੇ ਸਨ। ਉਸ ਤੋਂ ਵੀ ਵੱਡੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੁਹੰਮਦ ਹਨੀਫ਼ ਆਪ ਪੰਜਾਬੀ ਹੈ। ਉਂਜ ਦਿਖਾਉਣ ਲਈ ਹਨੀਫ਼ ਨੇ ਇਹ ਗੱਲ ਹਾਸੇ ਵਿਚ ਪਾ ਦਿੱਤੀ ਸੀ, ਪਰ ਉਹ ਇਸ ਗੱਲ ਲਈ ਪੂਰੀ ਤਰ੍ਹਾਂ ਬਜ਼ਿੱਦ ਸੀ ਕਿ 'ਅਸਲੀ' ਪੁਆੜੇ ਦੀ ਜੜ੍ਹ ਪੰਜਾਬੀ ਹੀ ਹਨ। ਅਸਲ ਵਿਚ ਇਹ ਉਹੀ ਮਾਨਸਿਕਤਾ ਹੈ ਜਿਸ ਵਿਚ ਜ਼ਮੀਨ ਗਹਿਣੇ ਰੱਖ ਕੇ ਵਿਦੇਸ਼ ਪੜ੍ਹਨ ਗਿਆ ਕੋਈ ਵੀ ਪੰਜਾਬੀ ਨੌਜਵਾਨ ਜਦੋਂ ਬਾਹਰ ਰਹਿ ਕੇ ਲੱਖਾਂ 'ਡਾਲੇ' ਕਮਾ ਲੈਂਦਾ ਹੈ ਤਾਂ ਉਸ ਨੂੰ ਦੇਸ਼ ਵਿਚ ਆਪਣਾ ਪਿੰਡ, ਸ਼ਹਿਰ ਅਤੇ ਦੇਸ਼ 'ਗੰਦ' ਹੀ ਲੱਗਣ ਲਗ ਜਾਂਦੇ ਹਨ। ਜਦੋਂ ਉਹ ਵੱਡੇ-ਵੱਡੇ ਆਲੀਸ਼ਾਨ ਦਫ਼ਤਰਾਂ ਵਿਚ ਬਹਿ ਕੇ ਦੇਸ਼-ਦੁਨੀਆ ਦੇ ਕਾਰੋਬਾਰ ਦੀਆਂ ਗੱਲਾਂ ਕਰਨ-ਸੁਣਨ ਲੱਗ ਜਾਂਦਾ ਹੈ ਤਾਂ ਉਸ ਨੂੰ ਆਪਣੇ ਪਿੰਡ ਦੀ ਸੱਥ ਵਿਚ ਆਲੂ-ਪਿਆਜ਼ਾਂ ਦੀ ਵਧਦੀ ਕੀਮਤ ਬਾਰੇ ਗੱਲਾਂ ਕਰਦੇ ਲੋਕ 'ਮੂਰਖ' ਜਾਪਣ ਲਗਦੇ ਹਨ। ਹੋਰ ਤਾਂ ਹੋਰ ਦੁਨੀਆ ਦੀ ਚਕਾਚੌਂਧ ਵਿਚ ਗੁਆਚ ਕੇ ਬਣੇ 'ਗਲੋਬਲ ਬਾਸ਼ਿੰਦੇ' ਨੂੰ ਆਪਣੀ ਕੌਮ ਅਤੇ ਉਸ ਦੇ ਲੋਕ ਵੀ ਮਾੜੇ ਲੱਗਣ ਲਗ ਜਾਂਦੇ ਨੇ।

ਮੁਹੰਮਦ ਹਨੀਫ਼ ਕਦੇ ਭਰਵੀਂ ਪੰਜਾਬੀ ਵੱਸੋਂ ਵਾਲੇ ਇਲਾਕੇ ਮਿੰਟਗੁਮਰੀ ਦਾ ਹਿੱਸਾ ਰਹੇ ਓਕਾੜਾ ਸ਼ਹਿਰ ਦਾ ਰਹਿਣ ਵਾਲਾ ਹੈ। ਇਥੇ ਦੀ ਜ਼ਿਆਦਾ ਵੱਸੋਂ ਅੱਜ ਵੀ ਖੇਤੀਬਾੜੀ ਅਤੇ ਡੇਅਰੀ ਧੰਦੇ ਨਾਲ ਜੁੜੀ ਹੋਈ ਹੈ। ਹਨੀਫ਼ ਇਸੇ ਇਲਾਕੇ ਦੇ ਇਕ ਪਿੰਡ ਵਿਚ ਪੰਜਾਬੀ ਪਰਿਵਾਰ ਵਿਚ ਜੰਮਿਆ ਅਤੇ ਪਾਕਿਸਤਾਨ ਦੀ ਏਅਰ ਫੋਰਸ ਅਕਾਦਮੀ ਤੋਂ ਪੜ੍ਹਾਈ ਕਰਕੇ ਹਵਾਈ ਫ਼ੌਜ ਦਾ ਅਫ਼ਸਰ ਬਣਿਆ। ਫ਼ਿਰ ਇਹ ਨੌਕਰੀ ਛੱਡ ਕੇ ਉਹ ਪੱਤਰਕਾਰੀ ਕਰਨ ਲੱਗ ਪਿਆ। ਸੰਨ 1996 ਵਿਚ ਉਹ ਬੀ.ਬੀ.ਸੀ. ਦੀ ਨੌਕਰੀ ਕਰਨ ਲਈ ਲੰਦਨ ਚਲਾ ਗਿਆ ਅਤੇ ਇਸ ਦੀ ਉਰਦੂ ਸ਼ਾਖਾ ਦਾ ਮੁਖੀ ਬਣਿਆ। ਵਲਾਇਤ ਦੀ ਇਕ ਯੂਨੀਵਰਸਿਟੀ ਤੋਂ ਸੰਨ 2005 ਵਿਚ ਉਸ ਨੇ ਡਿਗਰੀ ਕੀਤੀ ਅਤੇ 2008 ਵਿਚ ਪਾਕਿਸਤਾਨ ਵਾਪਸ ਆ ਗਿਆ। ਸੰਨ 2008 ਵਿਚ ਉਸ ਨੇ ਜਨਰਲ ਜ਼ਿਆ-ਉਲ-ਹੱਕ ਦੀ ਹਵਾਈ ਹਾਦਸੇ ਵਿਚ ਮੌਤ ਦੀ ਘਟਨਾ 'ਤੇ ਆਧਾਰਿਤ ਇਕ ਵਿਅੰਗਮਈ ਨਾਵਲ 'ਅ ਕੇਸ ਆਫ਼ ਐਕਸਪਲੋਡਿੰਗ ਮੈਂਗੋਸ' ਲਿਖਿਆ। ਇਸ ਨਾਵਲ ਵਿਚ ਕੀਤੀਆਂ ਕਈ ਵਿਵਾਦਮਈ ਟਿੱਪਣੀਆਂ ਕਰਕੇ ਉਹ ਰਾਤੋ-ਰਾਤ ਚਰਚਾ ਵਿਚ ਆ ਗਿਆ।

ਹਨੀਫ਼ ਬਾਰੇ ਮੈਂ ਇਹ ਸਾਰੀ ਜਾਣਕਾਰੀ ਉਸ ਦੀ ਪ੍ਰਸੰਸਾ ਕਰਨ ਲਈ ਨਹੀਂ ਦਿੱਤੀ, ਬਲਕਿ ਉਸ ਦੇ ਇਤਿਹਾਸ 'ਤੇ ਇਕ ਪੰਛੀ-ਝਾਤ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਭਰੀ ਮਹਿਫ਼ਿਲ ਵਿਚ ਪੰਜਾਬੀਆਂ ਨੂੰ ਖਿੱਤੇ ਵਿਚੋਂ ਬਾਹਰ ਕੱਢ ਦੇਣ ਦਾ ਹਾਸੋਹੀਣਾ 'ਫ਼ਤਵਾ' ਦੇਣ ਵਾਲੀ ਉਸ ਦੀ ਗੱਲ ਸੁਣ ਕੇ ਮੈਂ ਸੋਚਿਆ ਕਿਉਂ ਨਾ ਉਸ ਨਾਲ ਇਸ ਮਸਲੇ ਬਾਰੇ ਗੰਭੀਰ ਚਰਚਾ ਕੀਤੀ ਜਾਵੇ। ਸੋ ਮਹਿਫ਼ਿਲ ਤੋਂ ਬਾਅਦ ਮੈਂ ਉਸ ਨਾਲ ਗੱਲਬਾਤ ਕੀਤੀ। ਜਦ ਮੈਂ ਉਸ ਤੋਂ ਪੰਜਾਬੀਆਂ ਬਾਰੇ ਇਹ ਟਿੱਪਣੀ ਕਰਨ ਦਾ ਕਾਰਨ ਪੁੱਛਿਆ ਤਾਂ ਉਸ ਦਾ ਕਹਿਣਾ ਸੀ ਕਿ ਉਸ ਨੂੰ ਪੂਰੇ ਖਿੱਤੇ ਬਾਰੇ ਨਹੀਂ ਪਤਾ। ਉਹ ਤਾਂ ਪਾਕਿਸਤਾਨ ਵਾਲੇ ਹਿੱਸੇ ਦੀ ਹੀ ਗੱਲ ਕਰ ਸਕਦਾ ਹੈ। ਉਸ ਦਾ ਮੰਨਣਾ ਹੈ ਕਿ ਪਾਕਿਸਤਾਨੀ ਫ਼ੌਜ ਅਤੇ ਸਿਆਸਤਦਾਨਾਂ ਦਾ ਵੱਡਾ ਹਿੱਸਾ ਪੰਜਾਬੀਆਂ ਦਾ ਹੈ ਅਤੇ ਇਹੀ ਸਾਰੇ 'ਪੁਆੜੇ' ਦੀ ਜੜ੍ਹ ਹਨ। ਇਹ ਦੋਵਾਂ ਦੇਸ਼ਾਂ ਅਤੇ ਖਿੱਤੇ ਵਿਚ ਅਮਨ ਨਹੀਂ ਹੋਣ ਦੇ ਰਹੇ। ਜਦ ਇਹ ਗੱਲ ਤੁਰੀ ਕਿ ਦੋਵਾਂ ਪਾਸਿਆਂ ਦੇ ਆਮ ਪੰਜਾਬੀ ਤਾਂ ਖਿੱਤੇ ਵਿਚ ਅਮਨ ਲਈ ਸਾਂਝੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਸਰਹੱਦ ਦੇ ਆਰ-ਪਾਰ ਦੋਸਤਾਂ ਵਾਂਗ ਰਹਿਣਾ ਚਾਹੁੰਦੇ ਹਨ। ਆਪਸ ਵਿਚ ਵਪਾਰ ਕਰਨਾ ਚਾਹੁੰਦੇ ਹਨ। ਪੁਰਾਣੀਆਂ ਸਾਂਝਾਂ ਨੂੰ ਮੁੜ ਜੋੜਨਾ ਚਾਹੁੰਦੇ ਹਨ ਤਾਂ ਉਸ ਦਾ ਜਵਾਬ ਸੀ, ਫਿਰ ਉਹ ਆਪਣਾ ਵੱਖਰਾ 'ਇਲਾਕਾ' ਬਣਾ ਲੈਣ। ਉਸ ਦਾ ਕਹਿਣਾ ਸੀ ਕਿ ਜਦ ਪੰਜਾਬੀ (ਫ਼ੌਜੀ ਅਤੇ ਸਿਆਸਤਦਾਨ) ਆਪਣੇ ਦੇਸ਼ ਅੰਦਰ ਹੀ ਪੰਜਾਬੀਆਂ (ਆਮ ਲੋਕਾਂ) ਨੂੰ ਜੀਣ ਨਹੀਂ ਦਿੰਦੇ, ਆਪੋ ਵਿਚ ਹੀ ਲੜੀ ਜਾ ਰਹੇ ਨੇ ਤਾਂ ਸਰਹੱਦੋਂ ਆਰ-ਪਾਰ ਦੀ ਦੋਸਤੀ ਦਾ ਕੀ ਫਾਇਦਾ।

ਮੈਨੂੰ ਇਹ ਸੋਚ ਕੇ ਹੈਰਾਨੀ ਹੋਈ ਕਿ ਇਕ ਲੇਖਕ ਆਪਣੇ ਲੋਕਾਂ ਪ੍ਰਤੀ ਇਨ੍ਹਾਂ ਗ਼ੈਰ-ਜ਼ਿੰਮੇਵਾਰਾਨਾ ਰਵੱਈਆ ਕਿਵੇਂ ਅਖ਼ਤਿਆਰ ਕਰ ਸਕਦਾ ਹੈ। ਕੀ ਉਸ ਨੂੰ ਨਹੀਂ ਪਤਾ ਕਿ ਸਿਆਸਤਦਾਨ ਤਾਂ ਹਮੇਸ਼ਾ ਹੀ ਆਮ ਲੋਕਾਂ ਦੀ ਸਾਂਝ ਅਤੇ ਦੋਸਤੀ ਦੇ ਦੁਸ਼ਮਣ ਰਹੇ ਹਨ ਅਤੇ ਆਪਣੇ ਵੋਟ ਬੈਂਕ ਖਾਤਰ ਉਨ੍ਹਾਂ ਨੂੰ ਪਾੜਦੇ ਰਹੇ ਹਨ। ਕੀ ਸਿਆਸਤਦਾਨਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਆਮ ਪੰਜਾਬੀ ਆਪੋ ਵਿਚਲੀ ਸਾਂਝ ਹੀ ਖ਼ਤਮ ਕਰ ਦੇਣ ਜਾਂ ਫਿਰ ਇਸ ਸਾਂਝ ਖਾਤਰ ਆਪਣੀ ਮਿੱਟੀ, ਆਪਣੇ ਖਿੱਤੇ ਵਿਚੋਂ ਬੇਦਖ਼ਲ ਕਰ ਦਿੱਤੇ ਜਾਣ। ਖਿੱਤੇ ਦੇ ਸਿਆਸੀ 'ਪੁਆੜਿਆਂ' ਦਾ ਹੱਲ ਕੱਢਣ ਲਈ ਇਕ ਵਾਰ ਫਿਰ ਲਹੂ-ਲੁਹਾਣ ਹੋ ਜਾਣ। ਇਸੇ ਸੋਚ ਨੇ ਤਾਂ ਧਰਤੀ ਦੀ ਹਿੱਕ 'ਤੇ ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਫੱਟ ਲਾਏ ਸਨ ਜਿਸ ਵਿਚੋਂ ਲੱਖਾਂ ਮਾਸੂਮ ਲੋਕਾਂ ਦਾ ਲਹੂ ਡੁੱਲ੍ਹਿਆ ਸੀ। ਕੀ ਇਸ ਤਰ੍ਹਾਂ ਸਾਰੇ ਪੁਆੜੇ ਮੁੱਕ ਗਏ? ਮੇਰੀ ਸੋਚ ਮੁਤਾਬਿਕ ਪੁਆੜਿਆਂ ਦੀ ਜੜ੍ਹ ਪੰਜਾਬੀ ਨਹੀਂ, ਪੰਜਾਬੀਆਂ ਨੂੰ ਆਪੋ ਵਿਚ ਲੜਾਉਣ ਵਾਲੇ ਉਹ ਸਾਰੇ ਲੋਕ ਹਨ ਜੋ ਆਪਣੇ ਨਿੱਜੀ ਮੁਫ਼ਾਦਾਂ ਖਾਤਰ ਸਾਨੂੰ ਕਦੇ ਇਕੱਠੇ ਬਹਿਣ ਨਹੀਂ ਦੇਣਾ ਚਾਹੁੰਦੇ। ਅਫ਼ਸੋਸ ਹਨੀਫ਼ ਵਰਗੇ ਲੇਖਕ ਆਪਣੀ ਜ਼ਿੰਮੇਵਾਰੀ ਸਮਝਣ ਦੀ ਬਜਾਏ ਫੋਕੀ ਸ਼ੋਹਰਤ ਤੇ ਤਾੜੀਆਂ ਬਟੋਰਨ ਖਾਤਰ ਫੂਹੜਤਾ ਭਰੀਆਂ ਹਾਸੋਹੀਣੀਆਂ ਗੱਲਾਂ ਦੇਸ਼ ਦੀ ਰਾਜਧਾਨੀ ਵਿਚ ਭਰੀਆਂ ਮਹਿਫ਼ਿਲਾਂ ਵਿਚ ਬਹਿ ਕੇ ਕਰਦੇ ਹੋਏ ਇਹ ਵੀ ਨਹੀਂ ਵਿਚਾਰਦੇ ਕਿ ਇਸ ਤਰ੍ਹਾਂ ਕਰਕੇ ਉਹ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਹੀ ਕੌਮ ਦਾ ਅਕਸ ਖ਼ਰਾਬ ਕਰ ਰਹੇ ਹਨ। ਇਸ ਤਰ੍ਹਾਂ ਕਰਕੇ ਉਹ ਲੇਖਕ ਹੋਣ ਦੀ ਮੂਲ ਜ਼ਿੰਮੇਵਾਰੀ ਤੋਂ ਹੀ ਪਾਸਾ ਵੱਟ ਰਹੇ ਹਨ। 'ਇਲੀਟ' ਬਣਨ ਅਤੇ ਦਿਖਣ ਲਈ ਆਪਣੀ ਕੌਮ, ਆਪਣੇ ਮੁਲਕ ਅਤੇ ਆਪਣੇ ਸੱਭਿਆਚਾਰ ਨੂੰ ਭੰਡਣਾ ਬੁਜ਼ਦਿਲੀ ਤੋਂ ਘੱਟ ਨਹੀਂ। ਲੇਖਕ ਵਰਗੀ ਜ਼ਿੰਮੇਵਾਰ ਪਛਾਣ ਵਾਲੇ ਵਿਅਕਤੀ ਤੋਂ ਤਾਂ ਇਸ ਦੀ ਉੱਕਾ ਹੀ ਆਸ ਨਹੀਂ ਕੀਤੀ ਜਾ ਸਕਦੀ। ਅਜਿਹਾ ਲੇਖਕ, ਲੋਕਾਂ ਦਾ ਲੇਖਕ ਕਦੇ ਵੀ ਨਹੀਂ ਬਣ ਸਕਦਾ। ਪੰਜਾਬੀਆਂ ਨੂੰ ਅਜਿਹੀ ਸੋਚ ਵਾਲਿਆਂ ਤੋਂ ਨਾ ਸਿਰਫ਼ ਬਚ ਕੇ ਰਹਿਣਾ ਪਵੇਗਾ, ਬਲਕਿ ਇਨ੍ਹਾਂ ਬਾਰੇ ਚੇਤੰਨ ਵੀ ਰਹਿਣਾ ਹੋਵੇਗਾ ਅਤੇ ਇਨ੍ਹਾਂ ਦੀਆਂ ਆਪਹੁਦਰੀਆਂ ਖ਼ਿਲਾਫ਼ ਬੋਲਣਾ ਵੀ ਪਵੇਗਾ।

-ਦੀਪ ਜਗਦੀਪ ਸਿੰਘ
(6 ਫਰਵਰੀ 2012 ਨੂੰ ਰੋਜ਼ਾਨਾ ਅਜੀਤ ਵਿਚ ਛਪਿਆ ਲੇਖ)

Deep Jagdeep Singh

Deep Jagdeep Singh a is Poet, Columnist, Screen Writer, Lyricist and Film Critic. He writes in Punjabi, English and Hindi Google

0 comments:

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।